ਚੰਡੀਗੜ੍ਹ, 22 ਫਰਵਰੀ : ਸ਼੍ਰੋਮਣੀ ਅਕਾਲੀ ਦਲ ਆਉਂਦੇ ਬਜਟ ਸੈਸ਼ਨ ਦੇ ਉਦਘਾਟਨੀ ਦਿਨ 1 ਮਾਰਚ ਨੂੰ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰੇਗਾ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਗੁਟਕਾ ਸਾਹਿਬ ਦੀ ਚੁੱਕੀ ਸਹੁੰ ਤੋੜਨ ਦੀ ਬੇਅਦਬੀ ਭਰੀ ਕਾਰਵਾਈ ਖਿਲਾਫ ਲੋਕਾਂ ਵਿਚ ਵਿਆਪਕ ਰੋਸ ਪ੍ਰਤੀ ਆਵਾਜ਼ ਬੁਲੰਦ ਕਰੇਗਾ। ਉਹਨਾਂ ਕਿਹਾ ਕਿ ਪਾਰਟੀ ਦੇ ਰੋਸ ਪ੍ਰਦਰਸ਼ਨ ਦਾ ਮੁੱਖ ਧੁਰਾ ਲੋਕਾਂ ਦੇ ਲੱਕ ਤੋੜਵੇ ਬਿਜਲੀ ਦਰਾਂ ਵਿਚ ਵਾਧੇ ਤੇ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਟੈਕਸਾਂ ਵਿਚ ਕੀਤੇ ਵਾਧੇ ਦੀ ਬਦੌਲਤ ਤੇ ਜਦੋਂ ਕੌਮਾਂਤਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਡਿੱਗ ਰਹੀਆਂ ਹਨ, ਉਦੋਂ ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਹੈਰਾਨੀਜਨਕ ਵਾਧਾ ਰਹੇਗਾ  ਮੀਟਿੰਗ ਨੇ ਕਾਂਗਰਸ ਸਰਕਾਰ ਵੱਲੋਂ ਪੋਸਟ ਮੈ੍ਰਟਿਕ ਸਕਾਲਰਸ਼ਿਪ ਦੇਣ ਤੋਂ ਇਨਕਾਰ ਕਰ ਕੇ ਦਲਿਤ ਨੌਜਵਾਨਾਂ ਪ੍ਰਤੀ ਵਿਖਾਈ ਬੇਰੁਖੀ ਦੀ ਵੀ ਨਿਖੇਧੀ ਕੀਤੀ ਗਈ।ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਅੱਜ ਸ਼ਾਮ ਇਥੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਬੇਈਮਾਨ ਕਾਂਗਰਸ ਸਰਕਾਰ ਵੱਲੋਂ ਲੋਕਾਂ ਨਾਲ ਦਿਨ ਦਿਹਾੜੇ ਕੀਤੇ ਧੋਖੇ ਤੋਂ ਦੁਖੀ ਪੰਜਾਬ ਦੇ ਲੋਕਾਂ ਲਈ ਨਿਆਂ ਹਾਸਲ ਕਰਨ ਵਾਸਤੇ ਪਾਰਟੀ ਦੀ ਰਣਨੀਤੀ ਤੈਅ ਕੀਤੀ ਗਈ।ਮੀਟਿੰਗ ਵਿਚ ਲਏ ਫੈਸਲਿਆਂ ਦੇ ਵੇਰਵੇ ਦਿੰਦਿਆਂ ਸ੍ਰੀ ਬਾਦਲ ਨੇ ਪ੍ਰਮੁੱਖ ਸਲਾਹਕਾਰ ਸ੍ਰੀ ਹਰਚਰਨ ਬੈਂਸ ਨੇ ਦੱਸਿਆ ਕਿ ਪਾਰਟੀ ਨੇ ਭਾਰਤ ਸਰਕਾਰ ਵੱਲੋਂ ਕੋਰੋਨਾ ਦਾ ਬਹਾਨਾ ਵਰਤ ਕੇ ਪਾਕਿਸਤਾਨ ਵਿਚ ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਸਿੱਖ ਜੱਥੇ ਨੂੰ ਆਗਿਆ ਨਾ ਦੇਣ ਨੂੰ ਧਾਰਮਿਕ ਭਾਵਨਾਵਾਂ ’ਤੇ ਵੱਡਾ ਹਮਲਾ ਕਰਾਰ ਦਿੱਤਾ ਜਦਕਿ ਸਰਕਾਰ ਆਪ ਕੋਰੋਨਾ ਵਾਇਰਸ ਦੇ ਖਿਲਾਫ ਸਫਲਤਾ ਦੇ ਵੱਡੇ ਦਾਅਵੇ ਕਰ ਰਹੀ ਹੈ। ਪਾਰਟੀ ਨੇ ਸਪਸ਼ਟ ਕੀਤਾ ਕਿ ਦਿੱਲੀ ਦੇ ਤਖ਼ਤ ’ਤੇ ਬਿਰਾਜਮਾਨ ਮੌਜੂਦਾ ਸਰਕਾਰ ਨੂੰ ਸੱਤਾ ਦਾ ਨਸ਼ਾ ਚੜ੍ਹਿਆ ਹੋਇਆ ਹੈ ਤੇ ਇਸਨੂੰ ਦੇਸ਼ ਦੇ ਲੋਕਾਂ ਖਾਸ ਤੌਰ ’ਤੇ ਸਿੱਖਾਂ ਤੇ ਹੋਰ ਘੱਟ ਗਿਣਤੀਆਂ ਦੀਆਂ ਭਾਵਨਾਵਾਂ ਦੀ ਕੋਈ ਪਰਵਾਹ ਨਹੀਂ ਹੈ। ਉਹਨਾਂ ਕਿਹਾ ਕਿ ਸਰਕਾਰ ਤੇ ਪ੍ਰਾਈਵੇਟ ਨਾਗਰਿਕਾਂ ਦੇ ਸਫਰ ਦੀਆਂ ਹੋਰ ਸਾਰੀਆਂ ਗਤੀਵਿਧੀਆਂ ਵਾਇਰਸ ਤੋਂ ਬਿਨਾਂ ਪ੍ਰਭਾਵਤ ਹੋਏ ਜਾਰੀ ਹਨ ਪਰ ਸਰਕਾਰ ਨੂੰ ਸਿਰਫ ਸਿੱਖਾਂ ਦੀ ਧਾਰਿਮਕ ਯਾਤਰਾ ਸਿਹਤ ਲਈ ਖ਼ਤਰਾ ਦਿਸ ਰਹੀ ਹੈ। ਬੈਂਸ ਨੇ ਦੱਸਿਆ ਕਿ 1 ਮਾਰਚ ਨੂੰ ਪਾਰਟੀ ਦੇ ਵਰਕਰ ਸੈਕਟਰ 25 ਵਿਚ ਸਵੇਰੇ ਇਕੱਤਰ ਹੋਣਗੇ ਜਿਥੋਂ ਉਹ ਵਿਧਾਨ ਸਭਾ ਵੱਲ ਕੂਚ ਕਰਨਗੇ। ਉਹਨਾਂ ਕਿਹਾ ਕਿ ਵਿਧਾਨ ਸਭਾ ਦਾ ਇਹ ਰੋਸ ਘਿਰਾਓ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੱਥ ਵਿਚ ਗੁਟਕਾ ਸਾਹਿਬ ਫੜਕੇ ਖਾਲਸਾ ਪੰਥ ਦੇ ਪਵਿੱਤਰ ਤਖਤ ਸ੍ਰੀ ਦਮਦਮਾ ਸਾਹਿਬ ਵੱਲ ਮੂੰਹ ਕਰ ਕੇ ਚੁੱਕੀ ਝੂਠੀ ਸਹੁੰ ਦੀ ਬਦੌਲਤ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਕੇ ਬਣਾਈ ਗਈ ਸਰਕਾਰ ਦੀ ਵੈਧਤਾ ਨੂੰ ਉਜਾਗਰ ਕਰੇਗਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਮਹਾਨ ਗੁਰੂ ਸਾਹਿਬਾਨ ਦੀ ਸਹੁੰ ਚੁੱਕਦਿਆਂ ਵਾਅਦਾ ਕੀਤਾ ਸੀ ਕਿ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਕੀਤਾ ਜਾਵੇਗਾ, ਹਰ ਪਰਿਵਾਰ ਵਿਚ ਘੱਟੋ ਘੱਟ ਇਕ ਸਰਕਾਰੀ ਨੌਕਰੀ ਦਿੱਤੀ ਜਾਵੇਗੀ, ਹਰ ਸੀਨੀਅਰ ਸਿਟੀਜ਼ਨ ਲਈ ਬੁਢਾਪਾ ਪੈਨਸ਼ਨ 2500 ਰੁਪਏ ਮਹੀਨਾ ਕੀਤੀ ਜਾਵੇਗੀ, ਹਰ ਨੌਜਵਾਨ ਨੂੰ ਮੁਫਤ ਮੋਬਾਈਲ ਫੋਨ ਤੇ ਲੜਕੀਆਂ ਨੁੰ ਪੀ ਐਚ ਡੀ ਤੱਕ ਮੁਫਤ ਸਿੱਖਿਆ ਦਿੱਤੀ ਜਾਵੇਗੀ ਜਦਕਿ ਹੋਰ ਵਾਅਦੇ ਵੱਖਰੇ ਕੀਤੇ ਸਨ।
ਮੀਟਿੰਗ ਨੇ ਸੂਬੇ ਵਿਚ ਹਾਲ ਹੀ ਵਿਚ ਸੰਪੰਨ ਹੋਈਆਂ ਮਿਉਂਸਪਲ ਚੋਣਾਂ ਵਿਚ ਸਰਕਾਰੀ ਜ਼ਬਰ ਦੇ ਸਿਰ ’ਤੇ ਕਾਂਗਰਸੀ ਗੁੰਡਿਆਂ ਵੱਲੋਂ ਲੋਕਤੰਤਰ ਦੇ ਕੀਤੇ ਕਤਲ ਦੀ ਨਿਖੇਧੀ ਕੀਤੀ। ਕਮੇਟੀ ਨੇ ਕਿਹਾ ਕਿ ਅਮਰਿੰਦਰ ਸਿੰਘ ਸਰਕਾਰ ਨੇ ਇਹਨਾਂ ਚੋਣਾਂ ਦੌਰਾਨ ਦਹਿਸ਼ਤ ਤੇ ਸਰਕਾਰੀ ਜ਼ਬਰ ਦਾ ਮਾਹੌਲ ਬਣਾ ਦਿੱਤਾ। ਪਾਰਟੀ ਨੇ ਕਿਹਾ ਕਿ ਇਸ ਵੇਲੇ ਪੰਜਾਬ ਵਿਚ ਪੂਰੀ ਤਰ੍ਹਾਂ ਜੰਗਲ ਰਾਜ ਬਣਿਆ ਹੋਇਆ ਹੈ ਤੇ ਕਾਂਗਰਸੀ ਗੁੰਡੇ ਸੂਬੇ ਨੁੰ ਮਨਮਰਜ਼ੀ ਮੁਤਾਬਕ ਚਲਾ ਰਹੇ ਹਨ। ਅਮਨ ਕਾਨੂੰਨ ਦੀ ਸਥਿਤੀ ਢਹਿ ਢੇਰੀ ਹੋ ਗਈ ਹੈ। ਇਹਨਾਂ ਗੁੰਡਿਆਂ ਨੇ ਮਿਉਂਸਪਲ ਚੋਣਾਂ ਨੂੰ ਪੰਜਾਬੀਆਂ ਲਈ ਭੱਦਾ ਮਜ਼ਾਕ ਬਣਾ ਕੇ ਰੱਖ ਦਿੱਤਾ।
ਕੋਰ ਕਮੇਟੀ ਨੇ ਸਰਕਾਰੀ ਸ਼ਹਿ ਪ੍ਰਾਪਤ ਗੁੰਡਾਗਰਦੀ ਦੇ ਸਾਹਮਣੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਗੈਰ ਡੱਟ ਕੇ ਖੜ੍ਹਨ ਵਾਲੇ ਬਹਾਦਰ ਪਾਰਟੀ ਵਰਕਰਾਂ ਨੁੰ ਸ਼ਰਧਾਂਜਲੀ ਭੇਂਟ ਕੀਤੀ। ਕੋਰ ਕਮੇਟੀ ਵੱਲੋਂ ਪਾਸ ਕੀਤੇ ਮਤੇ ਵਿਚ ਕਾਂਗਰਸੀ ਗੁੰਡਿਆਂ ਖਿਲਾਫ ਜਾਨਾਂ ਕੁਰਬਾਨ ਕਰਨ ਵਾਲਿਆਂ ਨੂੰ ਲੋਕਤੰਤਰ ਦੇ ਸ਼ਹੀਦ ਕਰਾਰ ਦਿੱਤਾ ਗਿਆ।
ਪਾਰਟੀ ਨੇ ਕੇਂਦਰ ਦੇ ਤਿੰਨ ਕਿਸਾਨ ਵਿਰੋਧੀ ਕਾਨੁੰਨਾਂ ਖਿਲਾਫ ਚਲ ਰਹੇ ਸੰਘਰਸ਼ ਵਿਚ ਜਾਨਾਂ ਕੁਰਬਾਨ ਕਰਨ ਵਾਲੇ ਸਾਰੇ ਕਿਸਾਨਾਂ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ। ਕੋਰ ਕਮੇਟੀ ਨੇ ਇਹਨਾਂ ਕਿਸਾਨਾਂ ਨੂੰ ਕਿਸਾਨੀ ਤੇ ਖੁਸ਼ਹਾਲ ਪੰਜਾਬ ਵਾਸਤੇ ਸ਼ਹੀਦ ਹੋਏ ਸੂਰਮੇ ਕਰਾਰ ਦਿੱਤਾ ਤੇ ਕਿਹਾ ਕਿ ਇਹਨਾਂ ਨੇ ਪੰਜਾਬ ਦੀਆਂ ਭਵਿੱਖੀ ਪੀੜੀਆਂ ਨੂੰ ਨਿਆਂ ਦੁਆਉਣ ਵਾਸਤੇ ਆਪਣੀਆਂ ਜਾਨਾਂ ਵਾਰ ਦਿੱਤੀਆਂ।
ਪਾਰਟੀ ਨੇ ਸੀਨੀਅਰ ਆਗੂ ਬੀਬੀ ਸਤਵੰਤ ਕੌਰ ਸੰਧੂ ਦੀ ਮੌਤ ’ਤੇ ਵੀ ਅਫਸੋਸ ਪ੍ਰਗਟ ਕੀਤਾ ਤੇ ਉਹਨਾਂ ਵੱਲੋਂ ਪੰਥ, ਪੰਜਾਬ ਤੇ ਸ਼੍ਰੋਮਣੀ ਅਕਾਲੀ ਦਲ ਲਈ ਦਿੱਤੀਆਂ ਲਾ ਸਿਮਾਲ ਸੇਵਾਵਾਂ ਤੇ ਨਿਰਸਵਾਰਥ ਕੁਰਬਾਨੀਆਂ ਨੂੰ ਵੀ ਯਾਦ ਕੀਤਾ।
ਪਾਰਟੀ ਨੇ ਸੀਨੀਅਰ ਪੱਤਰਕਾਰ ਜਗਜੀਤ ਸਿੰਘ ਦਰਦੀ ਦੇ ਸਪੁੱਤ ਸਤਿਬੀਰ ਸਿੰਘ ਦਰਦੀ ਦੇ ਅਕਾਲ ਚਲਾਣੇ ’ਤੇ ਵੀ ਦੁੱਖ ਪ੍ਰਗਟ ਕੀਤਾ।
ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਤੋਤਾ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ, ਚਰਨਜੀਤ ਸਿੰਘ ਅਟਵਾਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਡਾ. ਉਪਿੰਦਰਜੀਤ ਕੌਰ, ਗੁਲਜ਼ਾਰ ਸਿੰਘ ਰਣੀਕੇ, ਬਿਕਰਮ ਸਿੰਘ ਮਜੀਠੀਆ, ਸੁਰਜੀਤ ਸਿੰਘ ਰੱਖੜਾ, ਸ਼ਰਨਜੀਤ ਸਿੰਘ ਢਿੱਲੋਂ, ਹੀਰਾ ਸਿੰਘ ਗਾਬੜੀਆ, ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ ਤੇ ਬਲਦੇਵ ਸਿੰਘ ਮਾਨ ਨੇ ਵੀ ਭਾਗ ਲਿਆ।