ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਣਗਹਿਲੀ ਕਾਰਨ  ਗੁਰੂ ਗਰੰਥ ਸਾਹਿਬ ਜੀ ਦੇ ਗੁੰਮ ਹੋਏ ਸਰੂਪਾਂ ਦੀ ਜਾਂਚ ਬਾਰੇ  ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਬਣਾਈ ਕਮੇਟੀ ਦੀ ਰਿਪੋਰਟ ਆਉਣ ਤੇ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼ (35 ਸਿੱਖ ਜਥੇਬੰਦੀਆਂ ਦੇ ਸਮੂਹ ਦੇ ਬੁਲਾਰੇ ਸ ਸੁਖਦੇਵ ਸਿੰਘ ਫਗਵਾੜਾ ਤੇ ਪਰਮਪਾਲ ਸਿੰਘ ਸਭਰਾ ਨੇ ਕਿਹਾ ਕਿ ਹੁਣ ਜਾਂਚ ਵਿਚ ਇਹ ਸਾਫ ਹੋ ਚੁਕਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀਆਂ ਅਤੇ ਵਿਸ਼ੇਸ਼ ਤੌਰ ਤੇ CA ਐਸ ਐਸ ਕੋਹਲੀ ਦੀ ਕੁਤਾਹੀ ਕਾਰਨ ਗੁਰੁ ਸਾਹਿਬ ਦੇ ਪਾਵਨ ਸਰੂਪ ਰਿਕਾਰਡ ਵਿਚੋਂ ਗੁੰਮ ਹੋਏ ਹਨ ਤੇ ਉਸ ਉੱਤੇ ਰਾਜਸੀ ਦਬਾਅ ਕਾਰਨ ਪਰਦਾ ਪਾਇਆ ਗਿਆ ਹੈ | ਮਈ 2016 ਵਿਚ ਜੋ ਅੱਗਜਨੀ ਦੀ ਘਟਨਾ ਗੋਲਡਨ ਆਫਸੈਟ ਪ੍ਰੈਸ (ਗੁ. ਰਾਮਸਰ ਸਾਹਿਬ ) ਵਿਚ ਹੋਈ ਸੀ ਜਿਸ ਵਿਚ ਗੁਰੂ ਸਾਹਿਬ ਦੇ ਸਰੂਪ ਅਗਨ ਭੇਟ ਹੋਏ ਸਨ ਤੇ ਉਸ ਤੋਂ ਬਾਅਦ ਹੋਈ ਕੁਤਾਹੀ ਲਈ ਕੋਈ ਵੀ ਕੌਮੀ ਤੌਰ ਤੇ ਪਸ਼ਚਾਤਾਪ ਨਹੀਂ ਕੀਤਾ ਗਿਆ ਸੀ ,ਇਹ ਸਰਾਸਰ ਕੌਮੀ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਹੈ!ਇਸ ਗੁਨਾਹ ਲਈ ਤੁਰੰਤ ਅਕਾਲ ਤਖ਼ਤ ਸਾਹਿਬ ਤੇ ਅਖੰਡ ਪਾਠ ਸਾਹਿਬ ਕਰਵਾ ਕੇ ਗੁਰ ਸਾਹਿਬ ਅਤੇ ਕੌਮ ਤੋਂ ਮੁਆਫੀ ਮੰਗੀ ਜਾਵੇ ਅਤੇ ਅਗਨ ਭੇਟ ਹੋਏ ਤੇ ਬੁਝਾਉਣ ਵੇਲੇ ਨੁਕਸਾਨੇ ਗਏ ਸਰੂਪਾਂ ਦੀ ਜਾਣਕਾਰੀ ਜਨਤਕ ਕੀਤੀ ਜਾਵੇ , ਇਸ ਗੁਨਾਹ ਦੇ ਭਾਗੀਦਾਰ ਸਾਰੇ ਦੋਸ਼ੀਆਂ ਉਤੇ ਪੰਥਕ ਅਤੇ ਵਿਭਾਗੀ ਕਾਰਵਾਈ ਤਹਿਤ ਸਖ਼ਤ ਸਜਾ ਦਿੱਤੀ ਜਾਵੇ |ਜੇਕਰ ਸ਼੍ਰੋਮਣੀ ਕਮੇਟੀ ਇਨਾ ਕੁਲ 328 ਪਾਵਨ ਸਰੂਪਾ ਦੇ ਮਸਲੇ ਦੇ ਅਸਲ ਦੋਸ਼ੀਆਂ ਦੀ ਬਜਾਏ ਛੋਟੇ ਮੁਲਾਜਮਾਂ ਦੀ ਬਲੀ ਲੈਕੇ ਇਸ ਗੁਨਾਹ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰੇਗੀ ਤਾਂ ਇਸ ਨੂੰ ਪੰਥ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ ,ਬਲਕਿ ਅਕਾਲ ਤਖ਼ਤ ਸਾਹਿਬ ਵਲੋਂ ਤਿਆਰ ਕੀਤੀ ਰਿਪੋਰਟ ਵਿਚ ਜਿੰਨੇ ਵੀ ਦੋਸ਼ੀਆਂ ਦੇ ਨਾਮ ਆਏ ਹਨ ਭਾਵੇਂ ਉਹ ਕਿਸੇ ਵੀ ਉੱਚ ਅਹੁਦੇ ਤੇ ਹੋਣ ਉਹਨਾਂ ਤੇ ਬਣਦੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਹ ਰਿਪੋਰਟ ਜਨਤਕ ਕਰਨੀ ਚਾਹੀਦੀ ਹੈ | ਉਹਨਾਂ ਕਿਹਾ ਕਿ 2009 ਵਿਚ ਸ਼੍ਰੋਮਣੀ ਕਮੇਟੀ ਦੇ ਚਾਰਟਰਡ ਅਕਾਊਂਟੈਂਟ ਐੱਸ ਐੱਸ ਕੋਹਲੀ ਨਾਲ ਹੋਏ ਇਕਰਾਰਨਾਮੇ ਦੀ ਇਹ ਸ਼ਰਤ ਸੀ ਕਿ ਉਹ ਇਕ ਸਾਲ ਵਿਚ ਕਮੇਟੀ ਦਾ ਸਾਰਾ ਹਿਸਾਬ ਕਿਤਾਬ ਆਨਲਾਈਨ ਉਪਲੱਬਧ ਕਰਵਾਏਗਾ ਪਰ ਅੱਜ ਤੱਕ ਉਸ ਰਿਕਾਰਡ ਦਾ ਆਨਲਾਈਨ ਨਾ ਹੋਣਾ ਸਪਸ਼ਟ ਬਿਆਨ ਕਰਦਾ ਹੈ ਕਿ ਕੋਹਲੀ ਕਮੇਟੀ ਵਿਚ ਹੋ ਰਹੀਆਂ ਧਾਂਦਲੀਆਂ ਨੂੰ ਸਾਹਮਣੇ ਲਿਆਉਣ ਵਿੱਚ ਨਾਕਾਮਯਾਬ ਰਿਹਾ ਤੇ ਉਲਟਾ ਧਾਂਦਲੀਆਂ ਤੇ ਪਰਦਾ ਪਾਉਂਦਾ ਰਿਹਾ ਹੈ , ਜੇ ਸਮੇਂ ਸਿਰ ਸਾਰਾ ਰਿਕਾਰਡ ਆਨਲਾਇਨ ਹੋਇਆ ਹੁੰਦਾ ਤੇ ਇਹੋ ਜਿਹੇ ਘੋਟਾਲੇ ਹੋਣੇ ਹੀ ਨਹੀਂ ਸਨ !ਜਦਕਿ ਗੁਰੂ ਦੀ ਗੋਲਕ ਵਿਚੋਂ ਹਰ ਸਾਲ ਕਰੋੜਾਂ ਰੁਪਿਆ ਬਤੋਰ ਫੀਸ ਕੋਹਲੀ ਨੂੰ ਦਿੱਤਾ ਜਾਂਦਾ ਹੈ , ਹੁਣ ਕੋਹਲੀ ਦੀ ਧਾਂਦਲੀਆਂ ਤੇ ਪਰਦਾ ਪਾਉਣ ਦੀ ਕੋਸ਼ਿਸ਼ਾ ਨੂੰ ਵੇਖਦੇ ਹੋਏ 2009 ਤੋਂ ਇਸ ਨੂੰ ਬਤੋਰ ਫੀਸ ਦਿੱਤਾ ਹੋਇਆ ਸਾਰਾ ਪੈਸਾ ਵਾਪਸ ਵਸੂਲਣਾ ਚਾਹੀਦਾ ਹੈ ਅਤੇ ਕੋਹਲੀ ਨਾਲ ਕੀਤਾ ਇਕਰਾਰਨਾਮਾ ਰਦ ਕੀਤਾ ਜਾਣਾ ਚਾਹੀਦਾ ਹੈ!ਅਗੇ ਉਹਨਾਂ ਨੇ ਕਿਹਾ ਹੈ ਕਿ ਜਾਂਚ ਵਿਚ ਪਤਾ ਲੱਗਾ ਹੈ ਕਿ 328 ਗੁਰੂ ਸਾਹਿਬ ਦੇ ਸਰੂਪਾਂ ਦੇ ਰਿਕਾਰਡ ਵਿਚ ਹੇਰਾਫੇਰੀ ਹੋਈ ਹੈ ਇਸ ਲਈ ਸ਼੍ਰੋਮਣੀ ਕਮੇਟੀ ਇਹ ਸਪਸ਼ਟ ਕਰੇ ਕਿ ਉਹ 328 ਸਰੂਪ ਕਿਸ ਕਿਸ ਨੂੰ ਕਿਥੇ ਕਿਥੇ ਭੇਜੇ ਗਏ ਹਨ ਕਿਉਂਕਿ ਇਹ ਮਸਲਾ ਗੁਰੂ ਸਾਹਿਬ ਜੀ ਦੇ ਸਤਿਕਾਰ ਨਾਲ ਵੀ ਜੁੜਿਆ ਹੋਇਆ ਹੈ ਇਸ ਗੱਲ ਦਾ ਵਧੇਰੇ ਖ਼ਦਸ਼ਾ ਹੈ ਕਿ ਕਿਤੇ ਉਹ ਸਰੂਪ ਪੰਥ ਦੋਖੀਆਂ ਵਲੋਂ ਬੇਅਦਬੀ ਕਾਂਡ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਨਾ ਵਰਤੇ ਜਾਣ !