
ਫਗਵਾੜਾ, 13 ਮਾਰਚ (ਸ਼ਿਵ ਕੋੜਾ) ਸਕੇਪ ਸਾਹਿਤਕ ਸੰਸਥਾ ਵਲੋਂ ਮਹੀਨਾਵਾਰ ਕਵੀ ਦਰਬਾਰ ਸਮਾਗਮ ਕਰੋਨਾ ਗਾਈਡਲਾਈਨ ਨੂੰ ਧਿਆਨ ‘ਚ ਰੱਖਦੇ ਹੋਏ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਪੰਜਾਬੀ, ਸਾਹਿੱਤ ਅਤੇ ਸਭਿਆਚਾਰ ਨਾਲ ਜੁੜੀਆਂ ਸਖ਼ਸ਼ੀਅਤਾਂ ਸਰਵ ਸ਼੍ਰੀ ਜਗਜੀਤ ਸਿੰਘ ਜ਼ੀਰਵੀ (ਗ਼ਜ਼ਲ ਗਾਇਕ), ਬੀ.ਐਸ. ਨਾਰੰਗ (ਸੰਗੀਤਕਾਰ), ਪ੍ਰੋ: ਨਰੰਜਨ ਸਿੰਘ ਢੇਸੀ(ਸਾਹਿੱਤਕਾਰ ਅਤੇ ਚਿੰਤਕ), ਅਨੂਪ ਸਿੰਘ ਨੂਰੀ, ਸ਼ਾਇਰ ਰਜਿੰਦਰ ਪ੍ਰਦੇਸੀ (ਗ਼ਜ਼ਲਗੋ) ਦੇ ਸਦੀਵੀਂ ਵਿਛੋੜੇ ਨੂੰ ਯਾਦ ਕਰਦੇ ਹੋਏ ਦੋ ਮਿੰਟ ਦਾ ਮੋਨ ਰੱਖ ਕੇ ਕੀਤਾ ਗਿਆ। ਇਸ ਸਮਾਗਮ ਦੌਰਾਨ ਹੀ ਸੰਸਥਾ ਵਲੋਂ ਸਰਬ ਸਹਿਮਤੀ ਨਾਲ ਉੱਘੇ ਲੇਖਕ, ਸ਼ਾਇਰ ਅਤੇ ਕਹਾਣੀਕਾਰ ਰਵਿੰਦਰ ਚੋਟ ਨੂੰ ਸੰਸਥਾ ਪ੍ਰਧਾਨ ਬਣਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਰਮਜੀਤ ਸਿੰਘ ਸੰਧੂ, ਰਵਿੰਦਰ ਚੋਟ , ਬਲਦੇਵ ਰਾਜ ਕੋਮਲ ਅਤੇ ਮਨੋਜ ਫਗਵਾੜਵੀ ਨੇ ਸਾਂਝੇ ਰੂਪ ‘ਚ ਕੀਤੀ। ਇਸ ਸਾਹਿਤਕ ਸਮਾਗਮ ਵਿੱਚ ਕਰੀਬ ਦੋ ਦਰਜਨ ਪ੍ਰਸਿੱਧ ਸ਼ਾਇਰਾਂ, ਲੇਖਕਾਂ ਅਤੇ ਬੁੱਧੀਜੀਵੀਆਂ ਨੇ ਹਿੱਸਾ ਲਿਆ। ਕਵੀ ਦਰਬਾਰ ਦੌਰਾਨ ਵੱਖ-ਵੱਖ ਸਰੋਕਾਰਾਂ ਸਬੰਧਤ ਨਵੇਕਲੀਆਂ ਕਵਿਤਾਵਾਂ ਪੜ੍ਹੀਆਂ ਗਈਆਂ। ਕਵੀ ਦਰਬਾਰ ਵਿੱਚ ਸੁਬੇਗ ਸਿੰਘ ਹੰਝਰਾ, ਮਾਸਟਰ ਸੀਤਲ ਰਾਮ ਬੰਗਾ, ਲਛਕਰ ਢੰਡਵਾੜਵੀ, ਸੁਖਦੇਵ ਸਿੰਘ ਗੰਢਵਾਂ, ਬਚਨ ਗੁੜ੍ਹਾ, ਅਮਨਦੀਪ ਕੋਟਰਾਨੀ, ਦੇਵਰਾਜ ਦਾਦਰ, ਰਵਿੰਦਰ ਸਿੰਘ ਰਾਏ, ਨਿਰੰਝਨ ਸਿੰਘ ਪਰਵਾਨਾ, ਜਸਵੀਰ ਕੌਰ ਪਰਮਾਰ, ਭਿੰਡਰ ਪਟਵਾਰੀ, ਡਾ. ਇੰਦਰਜੀਤ ਸਿੰਘ ਵਾਸੂ, ਹਾਸਰਸ ਕਵੀ ਸੋਢੀ ਸੱਤੋਵਾਲੀਆ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਸਮੇਂ ਨੂੰ ਬੰਨ੍ਹ ਰਖਿਆ। ਮਾਸਟਰ ਮਨਦੀਪ ਸਿੰਘ ਆਏ ਹੋਏ ਲੇਖਕਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਬਲਦੇਵ ਰਾਜ ਕੋਮਲ ਨੇ ਨਵੇਂ ਚੁਣੇ ਗਏ ਪ੍ਰਧਾਨ ਰਵਿੰਦਰ ਚੋਟ ਨੂੰ ਵਧਾਈ ਦਿੰਦੇ ਹੋਏ ਆਸ ਜਤਾਈ ਕੇ ਉਹ ਸੰਸਥਾ ਨੂੰ ਹੋਰ ਅਗੇ ਨੂੰ ਲੈਕੇ ਜਾਣਗੇ। ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਇਸ ਤਰ੍ਹਾਂ ਦੇ ਸਾਹਿਤਕ ਸਮਾਗਮਾਂ ਨੂੰ ਸਮੇਂ ਦੀ ਲੋੜ ਦੱਸਿਆ। ਉੱਘੇ ਲੇਖਕ ਅਤੇ ਕਾਲਮਨਵੀਸ ਗੁਰਮੀਤ ਸਿੰਘ ਪਲਾਹੀ ਨੇ ਨਵੀਂ ਚੁਣੀ ਹੋਈ ਕਮੇਟੀ ਨੂੰ ਵਧਾਈ ਦਿੱਤੀ। ਪਰਵਿੰਦਰ ਜੀਤ ਸਿੰਘ ਨੇ ਆਏ ਸਟੇਜ ਸੰਚਾਲਣ ਦੀ ਭੂਮਿਕਾ ਬਾਖੂਬੀ ਨਿਭਾਈ। ਸਮਾਗਮ ‘ਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ।