ਫਗਵਾੜਾ,31 ਅਗਸਤ2021 (ਸ਼ਿਵ ਕੋੜਾ) ਸਕੇਪ ਸਾਹਿਤਕ ਸੰਸਥਾ ਵਲੋਂ ਮਹੀਨਾਵਾਰ 72ਵਾਂ ਕਵੀ ਦਰਬਾਰ ਲੇਖਕ ਅਤੇ ਸੰਸਥਾ ਪ੍ਰਧਾਨ ਰਵਿੰਦਰ ਚੋਟ ਦੀ ਅਗਵਾਈ ਵਿੱਚ ਕਰਵਾਇਆ ਗਿਆ। ਇਸ ਕਵੀ ਦਰਬਾਰ ਦੀ ਪ੍ਰਧਾਨਗੀ ਪ੍ਰਸਿਧ ਗ਼ਜ਼ਲਗੋ ਭਜਨ ਵਿਰਕ ਅਤੇ ਮਨੋਜ ਫਗਵਾੜਵੀ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਗੁਰਮੀਤ ਸਿੰਘ ਪਲਾਹੀ ਨੇ ਸਭ ਨੂੰ ਜੀ ਆਇਆ ਕਹਿੰਦੇ ਹੋਏ ਕਿਹਾ ਕਿ ਸਰਕਾਰਾਂ ਅਤੇ ਸਮਾਜ ਨੂੰ ਸੇਧ ਦੇਣ ਲਈ ਬੁੱਧੀਜੀਵੀਆਂ ਨੂੰ ਅਗੇ ਆਉਣਾ ਚਹੀਦਾ ਹੈ। ਇਸ ਸਾਹਿਤਕ ਸਮਾਗਮ ਵਿੱਚ ਕਰੀਬ ਦੋ ਦਰਜਨ ਤੋਂ ਵਧ ਪ੍ਰਸਿੱਧ ਸ਼ਾਇਰਾਂ, ਲੇਖਕਾਂ ਅਤੇ ਬੁੱਧੀਜੀਵੀਆਂ ਨੇ ਹਿੱਸਾ ਲਿਆ। ਕਵੀ ਦਰਬਾਰ ਦੌਰਾਨ ਕਿਸਾਨੀ ਅੰਦੋਲਨ, ਸਮਾਜਿਕ ਵਿਤਕਰੇ ਅਤੇ ਹੋਰ ਵੱਖ-ਵੱਖ ਸਰੋਕਾਰਾਂ ਸਬੰਧਤ ਨਵੇਕਲੀਆਂ ਕਵਿਤਾਵਾਂ, ਗੀਤ ਗ਼ਜ਼ਲਾਂ ਸੁਣਾਈਆਂ ਗਈਆਂ । ਕਵੀ ਦਰਬਾਰ ਵਿੱਚ ਬਲਦੇਵ ਰਾਜ ਕੋਮਲ, ਸੁਖਦੇਵ ਸਿੰਘ ਗੰਢਵਾ, ਲਛਕਰ ਢੰਡਵਾੜਵੀ, ਗੁਰਨਾਮ ਬਾਵਾ, ਦਿਲਬਹਾਰ ਸ਼ੌਕਤ, ਦੇਵਰਾਜ ਦਾਦਰ, ਰਵਿੰਦਰ ਸਿੰਘ ਰਾਏ, ਸੁਬੇਗ ਸਿੰਘ ਹੰਝਰਾਂ, ਬੀਬਾ ਕੁਲਵੰਤ, ਕਮਲੇਸ਼ ਸੰਧੂ, ਸੁਨੀਲ, ਗੁਰਮੀਤ ਸਿੰਘ ਰੱਤੂ, ਲਸ਼ਕਰ ਢੰਡਵਾੜਵੀ, ਜਸਵਿੰਦਰ ਹਮਦਰਦ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਸਮੇਂ ਨੂੰ ਬੰਨ੍ਹ ਰਖਿਆ। ਮਾਸਟਰ ਮਨਦੀਪ ਸਿੰਘ ਆਏ ਹੋਏ ਲੇਖਕਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਰਵਿੰਦਰ ਚੋਟ ਨੇ ਪ੍ਰਧਾਨਗੀ ਭਾਸ਼ਣ ‘ਚ ਕਰਨਾਲ ਵਿਖੇ ਹੋਏ ਕਿਸਾਨਾਂ ਤੇ ਹੋਏ ਲਾਠੀਚਾਰਜ ਦੀ ਸਖਤ ਨਿੰਦਾ ਕਰਨ ਦਾ ਮਤਾ ਪੇਸ਼ ਕੀਤਾ ਜਿਸ ਨੂੰ ਹਾਜਰ ਲੇਖਕ ਅਤੇ ਬੁੱਧੀਜੀਵੀਆਂ ਨੇ ਪ੍ਰਵਾਨਗੀ ਦਿੱਤੀ ਅਤੇ ਨਾਲ ਹੀ ਉਹਨਾਂ ਕਿਹਾ ਕਿ ਲੇਖਕ ਸਿਦਕ ਦਿਲੀ ਨਾਲ ਆਪਣੀ ਲੇਖਣੀ ਲੋਕ ਹਤੈਸ਼ੀ ਬਨਾਉਣ ਦਾ ਅਹਿਦ ਕਰਨ । ਪਰਵਿੰਦਰ ਜੀਤ ਸਿੰਘ ਨੇ ਆਏ ਸਭਨਾ ਦਾ ਧੰਨਵਾਦ ਕੀਤਾ ਅਤੇ ਸਟੇਜ ਸੰਚਾਲਣ ਦੀ ਭੂਮਿਕਾ ਬਾਖੂਬੀ ਨਿਭਾਈ। ਸਮਾਗਮ ‘ਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ।