ਜਲੰਧਰ, 16 ਅਕਤੂਬਰ ( )-ਪੰਜਾਬ ਪ੍ਰੈਸ ਕਲੱਬ ਜਲੰਧਰ ਦੇ ਸਾਲਾਨਾ ਜਨਰਲ ਇਜਲਾਸ ਦੌਰਾਨ ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਨੂੰ ਕਲੱਬ ਦਾ ਅਗਲੇ 2 ਸਾਲ ਲਈ ਭਾਰੀ ਬਹੁਮਤ ਨਾਲ ਪ੍ਰਧਾਨ ਚੁਣ ਲਿਆ ਗਿਆ। ਸਥਾਨਕ ਰੈੱਡ ਕਰਾਸ ਭਵਨ ਵਿਖੇ ਕਰਵਾਏ ਗਏ ਇਜਲਾਸ ਦੀ ਸ਼ੁਰੂਆਤ ਪੰਜਾਬ ਪ੍ਰੈੱਸ ਕਲੱਬ ਦੇ ਸਵਰਗੀ ਪ੍ਰਧਾਨ ਮੇਜਰ ਸਿੰਘ ਅਤੇ ਕੋਰੋਨਾ ਮਹਾਂਮਾਰੀ ‘ਚ ਮਾਰੇ ਗਏ ਹੋਰਨਾਂ ਪੱਤਰਕਾਰਾਂ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਹੋਈ। ਇਸ ਮੌਕੇ ਕਲੱਬ ਦੇ ਸਾਬਕਾ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਕਲੱਬ ਦੀ ਪਿਛਲੀ ਕਾਰਗੁਜ਼ਾਰੀ ਸਬੰਧੀ ਰਿਪੋਰਟ ਪੇਸ਼ ਕਰਦਿਆਂ ਵਿੱਤੀ ਲੇਖਾ-ਜੋਖਾ ਵੀ ਜਨਤਕ ਕੀਤਾ। ਇਸ ਮੌਕੇ ਵੱਖ-ਵੱਖ ਪੱਤਰਕਾਰਾਂ ਨੇ ਕਲੱਬ ਦੀ ਪ੍ਰਬੰਧਕ ਕਮੇਟੀ ਵਲੋਂ ਪਿਛਲੇ ਸਮੇਂ ਦੌਰਾਨ ਕੀਤੇ ਗਏ ਕੰਮਾਂ ਦੀ ਪੁਣ ਛਾਣ ਕਰਦਿਆਂ ਜਿੱਥੇ ਕਈ ਤਰ੍ਹਾਂ ਦੀਆਂ ਕਮੀਆਂ ਅਤੇ ਖਾਮੀਆਂ ਨੂੰ ਉਜਾਗਰ ਕੀਤਾ, ਉੱਥੇ ਕਲੱਬ ਅਤੇ ਪੱਤਰਕਾਰਾਂ ਦੀ ਬਿਹਤਰੀ ਲਈ ਕਮੇਟੀ ਨੂੰ ਸੁਝਾਅ ਵੀ ਦਿੱਤੇ। ਇਸ ਮੌਕੇ ਸੀਨੀਅਰ ਪੱਤਰਕਾਰ ਸੁਨੀਲ ਰੁਦਰਾ, ਡਾ. ਸੁਰਿੰਦਰਪਾਲ, ਦੂਰਦਰਸ਼ਨ ਦੇ ਨਿਊਜ਼ ਰੀਡਰ ਰਮਨ ਕੁਮਾਰ, ਅਰਜਨ ਸ਼ਰਮਾ, ਜਤਿੰਦਰ ਸ਼ਰਮਾ, ਰਾਕੇਸ਼ ਸ਼ਾਂਤੀਦੂਤ, ਪਾਲ ਸਿੰਘ ਨੌਲੀ, ਦਰਸ਼ਨ ਸਿੰਘ ਸੋਢੀ, ਨਿਖਿਲ ਸ਼ਰਮਾ, ਅਲਬਰਟ ਸ਼ੈਲੀ, ਰਾਜੇਸ਼ ਥਾਪਾ, ਰਮੇਸ਼ ਨਈਅਰ ਆਦਿ ਨੇ ਕਲੱਬ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਅਤੇ ਮੈਂਬਰਸ਼ਿਪ ਨੂੰ ਲੈ ਕੇ ਸਵਾਲ ਉਠਾਉਂਦੇ ਹੋਏ ਕਲੱਬ ਦੇ ਕੰਮ ਕਾਜ ਨੂੰ ਹੋਰ ਪਾਰਦਰਸ਼ੀ ਬਣਾਉਣ ਅਤੇ ਪੱਤਰਕਾਰਾਂ ਦੀ ਬਿਹਤਰੀ ਲਈ ਢੁੱਕਵੇਂ ਕਦਮ ਚੁੱਕੇ ਜਾਣ ਦੀ ਮੰਗ ਕੀਤੀ। ਇਸ ਮੌਕੇ ਡਾ. ਲਖਵਿੰਦਰ ਸਿੰਘ ਜੌਹਲ ਨੇ ਵੱਖ-ਵੱਖ ਪੱਤਰਕਾਰਾਂ ਵਲੋਂ ਉਠਾਏ ਗਏ ਹਰੇਕ ਨੁਕਤੇ ਅਤੇ ਸਵਾਲ ਦਾ ਬੜ੍ਹੇ ਠਰ੍ਹਮੇ ਅਤੇ ਤਰਕ ਨਾਲ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਕਲੱਬ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਕਾਰਵਾਈਆਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਤੇ ਇਸ ਸਬੰਧੀ ਉਨ੍ਹਾਂ ਨੂੰ ਸਖਤ ਫੈਸਲੇ ਵੀ ਲੈਣੇ ਪੈਣ ਤਾਂ ਉਹ ਪਿੱਛੇ ਨਹੀਂ ਹਟਣਗੇ। ਇਸ ਮੌਕੇ ਸ੍ਰੀ ਸਤਨਾਮ ਸਿੰਘ ਮਾਣਕ ਨੇ ਕਲੱਬ ਦੇ ਸਾਬਕਾ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਦੀ ਅਗਵਾਈ ਹੇਠ ਸਮੁੱਚੀ ਟੀਮ ਵਲੋਂ ਪੰਜਾਬ ਪ੍ਰੈਸ ਕਲੱਬ ਦੀ ਬਿਹਤਰੀ ਲਈ ਪਾਏ ਗਏ ਯੋਗਦਾਨ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਡਾ. ਜੌਹਲ ਨੇ ਆਪਣੀ ਜ਼ਿੰਦਗੀ ਦੇ ਕੀਮਤੀ 4 ਵਰ੍ਹੇ ਕਲੱਬ ਨੂੰ ਸਮਰਪਿਤ ਕਰਕੇ ਪੱਤਰਕਾਰਾਂ ਦੀ ਭਲਾਈ ਲਈ ਅਨੇਕਾਂ ਕੰਮ ਕੀਤੇ ਹਨ। ਇਸ ਮੌਕੇ ਉਨ੍ਹਾਂ ਵੱਖ-ਵੱਖ ਪੱਤਰਕਾਰਾਂ ਵਲੋਂ ਉਠਾਏ ਗਏ ਮੁੱਦਿਆਂ ਅਤੇ ਦਿੱਤੇ ਗਏ ਸੁਝਾਵਾਂ ਨੂੰ ਮਜ਼ਬੂਤ ਜਮਹੂਰੀਅਤ ਦਾ ਹਿੱਸਾ ਦੱਸਦੇ ਹੋਏ ਕਿਹਾ ਕਿ ਹਰ ਕਿਸੇ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਹੈ ਪਰ ਇਹ ਵਿਚਾਰ ਚਰਚਾ ਹਾਂ-ਪੱਖੀ ਤੇ ਉਸਾਰੂ ਹੋਣੀ ਚਾਹੀਦੀ ਹੈ। ਬਾਅਦ ‘ਚ ਵੱਡੀ ਗਿਣਤੀ ਮੈਂਬਰਾਂ ਦੀ ਹਾਜ਼ਰੀ ‘ਚ ਪੰਜਾਬ ਪ੍ਰੈੱਸ ਕਲੱਬ ਦਾ ਅਹੁਦਾ ਸੰਭਾਲਦੇ ਹੋਏ ਉਨ੍ਹਾਂ ਕਿਹਾ ਕਿ ਪੱਤਰਕਾਰਾਂ ਦੀ ਬਿਹਤਰੀ ਅਤੇ ਕਲੱਬ ਦੀ ਮਜ਼ਬੂਤੀ ਲਈ ਉਹ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਚੱਲਣਗੇ ਤੇ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਕਲੱਬ ਅੰਦਰ ਪੱਤਰਕਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਇਸ ਮੌਕੇ ਮੰਚ ‘ਤੇ ਡਾ. ਕਮਲੇਸ਼ ਸਿੰਘ ਦੁੱਗਲ, ਕੁਲਦੀਪ ਸਿੰਘ ਬੇਦੀ, ਪਰਮਜੀਤ ਸਿੰਘ ਰੰਗਪੁਰੀ, ਆਈ. ਪੀ. ਸਿੰਘ, ਮਲਕੀਤ ਸਿੰਘ ਬਰਾੜ, ਸ਼ਿਵ ਸ਼ਰਮਾ, ਰਾਜੇਸ਼ ਯੋਗੀ, ਰੋਹਿਤ ਸਿੱਧੂ ਤੇ ਰਾਕੇਸ਼ ਸੂਰੀ ਸਮੇਤ ਹੋਰ ਸੀਨੀਅਰ ਪੱਤਰਕਾਰ ਵੀ ਮੌਜੂਦ ਸਨ। ਇਸ ਮੌਕੇ ਮੀਡੀਆ ਜਗਤ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੇ ਸ੍ਰੀ ਸਤਨਾਮ ਸਿੰਘ ਮਾਣਕ ਨੂੰ ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਬਣਨ ‘ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਹੈ।
ਕੈਪਸ਼ਨ—
ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਨਵੇਂ ਚੁਣੇ ਗਏ ਪ੍ਰਧਾਨ ਸਤਨਾਮ ਸਿੰਘ ਮਾਣਕ ਵੱਡੀ ਗਿਣਤੀ ‘ਚ ਪੱਤਰਕਾਰਾਂ ਦੀ ਹਾਜ਼ਰੀ ‘ਚ ਪ੍ਰਧਾਨ ਦਾ ਅਹੁਦਾ ਸੰਭਾਲਦੇ ਹੋਏ, ਨਾਲ ਡਾ. ਲਖਵਿੰਦਰ ਸਿੰਘ ਜੌਹਲ, ਡਾ. ਕਮਲੇਸ਼ ਸਿੰਘ ਦੁੱਗਲ, ਰਾਕੇਸ਼ ਸ਼ਾਂਤੀਦੂਤ, ਮੁਨੀਸ਼ ਕੁਮਾਰ, ਜਤਿੰਦਰਪਾਲ ਸਿੰਘ, ਮਨੋਜ ਤ੍ਰਿਪਾਠੀ, ਪਾਲ ਸਿੰਘ ਨੌਲੀ, ਸੁਕਰਾਂਤ ਸਫਰੀ, ਟਿੰਕੂ ਪੰਡਿਤ, ਜਤਿੰਦਰ ਸ਼ਰਮਾ, ਮਲਕੀਤ ਸਿੰਘ ਬਰਾੜ, ਰਾਕੇਸ਼ ਕੁਮਾਰ ਹੈਪੀ, ਡੀ. ਆਰ. ਬੰਦਨਾ ਤੇ ਹੋਰ। ਤਸਵੀਰ ਮੁਨੀਸ਼