ਜਲੰਧਰ :- (ਰਾਜਪਾਲ ਕੌਰ) ਜਿਵੇਂ ਕਿ ਨਾਮਧਾਰੀ ਸੰਗਤ ਪਿਛਲੇ ਮਹੀਨੇ ਤੋਂ ਲਗਾਤਾਰ ਜੱਪ-ਪ੍ਰਯੋਗ ਵਿੱਚ ਹਿੱਸਾ ਲੈ ਰਹੀ ਹੈ, ਸੰਗਤ ਨਿਰਧਾਰਿਤ ਸਮੇਂ ਮੁਤਾਬਿਕ ਘਰੋ- ਘਰੀ ਸਿਮਰਨ-ਸਾਧਨਾ ਕਰ ਰਹੀ ਹੈ। ਇਸ ਮੌਕੇ ਨਾਮਧਾਰੀ ਮੁਖੀ ਸਤਿਗੁਰੂ ਦਲੀਪ ਸਿੰਘ ਜੀ ਵੀ ਲਗਾਤਾਰ ਸੰਗਤ ਨੂੰ ਆਪਣੇ ਕਲਿਆਣਕਾਰੀ ਬਚਨਾਂ ਰਾਹੀਂ ਨਿਹਾਲ ਕਰਦੇ ਰਹਿੰਦੇ ਹਨ। ਇਸ ਵਾਰ ਆਪ ਜੀ ਨੇ ਸੰਗਤ ਨੂੰ ਆਪਣੇ ਜੀਵਨ ਨੂੰ ਸੁਖੀ ਬਣਾਉਣ ਦੇ ਨੁਕਤੇ ਦੱਸੇ। ਆਪ ਜੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸਾਨੂੰ ਸੱਚੇ ਗੁਰੂ ਦੇ ਚਰਨੀਂ ਲੱਗਣ ਦੀ ਲੋੜ ਹੈ। ਭਾਵ ਸੱਚੇ ਸਤਿਗੁਰੂ ਜੀ ਦੇ ਚਰਨੀਂ ਲੱਗ ਕੇ ਹੀ ਅਸੀਂ ਆਪਣਾ ਜੀਵਨ ਸੁਖੀ ਕਰ ਸਕਦੇ ਹਾਂ। ਕਿਉਂਕਿ ਸਤਿਗੁਰੂ ਹੀ ਪ੍ਰਭੂ- ਪ੍ਰਮਾਤਮਾ ਦਾ ਰੂਪ ਹੁੰਦਾ ਹੈ ਅਤੇ ਸਾਡਾ ਮਾਰਗਦਰਸ਼ਨ ਕਰ, ਸਾਡੇ ਜੀਵਨ ਵਿਚੋਂ ਕਲਿ-ਕਲੇਸ਼ ਨੂੰ ਮਿਟਾ ਸਕਦਾ ਹੈ। ਇਸ ਲਈ ਸਾਨੂੰ ਅੰਮ੍ਰਿਤ ਵੇਲੇ ਜਾਗ ਕੇ, ਆਪਣੇ ਸਤਿਗੁਰੂ ਨੂੰ ਯਾਦ ਕਰ, ਹਿਰਦੈ ਵਿੱਚ ਉਸਦੀ ਮੂਰਤ ਵਸਾ ਕੇ ਸਿਮਰਨ ਕਰਨ ਦੀ ਲੋੜ ਹੈ, ਤਾਂ ਹੀ ਅਸੀਂ ਗੁਰਬਾਣੀ ਵਿੱਚ ਗੁਰੂ ਸਾਹਿਬਾਨਾਂ ਦੁਆਰਾ ਲਿਖੇ ਬਚਨਾਂ “ਸਤਿਗੁਰ ਕੀ ਮੂਰਤ ਹਿਰਦੈ ਵਸਾਏ, ਜੋ ਇਛੈ ਸੋਈ ਫਲੁ ਪਾਏ ” ਅਤੇ “ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ, ਕਲਿ ਕਲੇਸ ਤਨ ਮਾਹਿ ਮਿਟਾਵਉ ” ਦਾ ਲਾਭ ਪ੍ਰਾਪਤ ਕਰ ਸਕਦੇ ਹਾਂ। ਇਸ ਦੇ ਨਾਲ ਹੀ ਸਿਮਰਨ ਵਿੱਚ ਧਿਆਨ ਲਾਉਣ ਲਈ,ਗੁਰੂ ਜੀ ਦੇ ਬਚਨਾਂ ਨੂੰ ਮੰਨ ਕੇ, ਸਾਨੂੰ ਘਰ ਦੇ ਕਲੇਸ਼ ਮਿਟਾਉਣ ਦੀ ਲੋੜ ਹੈ। ਇਸ ਲਈ ਸਾਨੂੰ ਸਭ ਤੋਂ ਪਹਿਲਾਂ ਫਿੱਕਾ ਜਾਂ ਕੌੜਾ ਬੋਲਣਾ ਛੱਡਣਾ ਪਵੇਗਾ। ਸਾਨੂੰ ਇੱਕ ਦੂਜੇ ਨਾਲ ਮਿੱਠਾ ਬੋਲਣ ਦੀ ਲੋੜ ਹੈ। ਕਿਉਂਕਿ ਗੁਰਬਾਣੀ ਵਿੱਚ ਸਾਨੂੰ ਫਿੱਕਾ ਬੋਲਣ ਤੋਂ ਵਰਜਿਆ ਹੈ। ਜੇ ਕੋਈ ਕੌੜਾ ਬੋਲੇ ਵੀ ਤਾਂ ਵੀ ਉਸਨੂੰ ਖਿਮਾ ਕਰ ਦਿਉ। ਇਸ ਦੇ ਨਾਲ ਹੀ ਬਦਲਦੇ ਹੋਏ ਦੌਰ ਵਿੱਚ ਜੋ ਪਰਿਵਰਤਨ ਆ ਰਹੇ ਹਨ, ਉਸਨੂੰ ਸਵੀਕਾਰ ਕਰੋ, ਆਪਣੇ ਪਰਿਵਾਰ ਦੇ ਜੀਆਂ ਦੇ ਸੁਭਾਅ ਨੂੰ ਸਮਝ ਕੇ, ਉਸ ਅਨੁਸਾਰ ਕੰਮ ਕਰਨ ਦੀ ਕੋਸ਼ਿਸ਼ ਕਰੋ ,ਖਾਸ ਕਰਕੇ ਆਪਣਾ ਵੀ ਵਿਸ਼ਲੇਸ਼ਣ ਕਰੋ ਅਤੇ ਉਸ ਅਨੁਸਾਰ ਆਪਣੀਆਂ ਆਦਤਾਂ ਨੂੰ ਥੋੜਾ ਬਦਲਣ ਲਈ ਜਤਨ ਕਰੋ। ਇਸ ਪ੍ਰਕਾਰ ਅਸੀਂ ਆਪਣਾ ਜੀਵਨ ਸੁਖੀ ਕਰਨ ਲਈ, ਧਰਮੀ ਬਣਕੇ, ਸੱਚੇ ਗੁਰੂ ਦੇ ਚਰਨੀਂ ਲੱਗ, ਉਹਨਾਂ ਦੇ ਮਾਰਗਦਰਸ਼ਨ ਨਾਲ ਸ਼ੁਭ ਕਰਮ ਕਰਨ ਦੇ ਨਾਲ ਵਿਚਾਰਵਾਨ ਬਣ ਕੇ ਅਤੇ ਮਨੁੱਖੀ ਸੁਭਾਅ ਨੂੰ ਸਮਝ ਕੇ ਚੱਲਣ ਨਾਲ ਹੀ ਆਪਣੇ ਜੀਵਨ ਨੂੰ ਸੁਖੀ ਕਰ ਸਕਦੇ ਹਾਂ। ਇਸ ਤਰ੍ਹਾਂ ਅਸੀਂ ਅੱਜ ਦੇ ਸਮੇਂ ਵੱਧ ਰਹੇ ਤਣਾਅ ਨੂੰ ਨਿਯੰਤ੍ਰਿਤ ਕਰ , ਪਰਿਵਾਰਾਂ ਨੂੰ ਵੀ ਟੁੱਟਣ ਤੋਂ ਬਚਾ ਸਕਦੇ ਹਾਂ।