ਫਗਵਾੜਾ 2 ਸਤੰਬਰ (ਸ਼ਿਵ ਕੋੜਾ) ਸਮਾਜਿਕ ਸੁਰੱਖਿਆ ਤਹਿਤ ਬਜੁਰਗਾਂ, ਅੰਗਹੀਣਾਂ, ਵਿਧਵਾ ਔਰਤਾਂ ਅਤੇ ਬੇਸਹਾਰੇ ਬੱਚਿਆਂ ਨੂੰ ਮਿਲਣ ਵਾਲੀ ਪੈਨਸ਼ਨ ਇਸ ਵਾਰ ਚੈਕ ਨਾਲ ਦੇਣ ਸਬੰਧੀ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਫੈਸਲੇ ਦੀ ਸਖ਼ਤ ਨਖੇਦੀ ਕਰਦਿਆਂ ਸ਼ਹਿਰ ਦੇ ਸਾਬਕਾ ਮੇਅਰ ਅਤੇ ਸੀਨੀਅਰ ਭਾਜਪਾ ਆਗੂ ਅਰੁਣ ਖੋਸਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਧੜੇਬੰਦੀ ਦਾ ਸ਼ਿਕਾਰ ਹੈ। ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਕੁਰਸੀ ਦੀ ਲੜਾਈ ਹੈ ਜਿਸ ਕਰਕੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਹੈ ਕਿ ਫਰਵਰੀ 2022 ਤੋਂ ਬਾਅਦ ਮੁੱਖਮੰਤਰੀ ਦਾ ਤਾਜ ਉਹਨਾਂ ਦੇ ਸਿਰ ਤੋਂ ਉਤਰਨ ਜਾ ਰਿਹਾ ਹੈ ਇਸੇ ਲਈ ਗਰੀਬਾਂ ਤੇ ਮਜਬੂਰਾਂ ਦੀ ਪੈਨਸ਼ਨ ਨੂੰ ਵੋਟ ਦਾ ਹਥਿਆਰ ਬਣਾ ਰਹੇ ਹਨ ਪਰ ਇਹ ਚਾਲ ਉਹਨਾਂ ਨੂੰ ਉਲਟੀ ਹੀ ਪਵੇਗੀ। ਉਹਨਾਂ ਕਿਹਾ ਕਿ ਸਾਢੇ ਚਾਰ ਸਾਲ ਤੱਕ ਲੋਕਾਂ ਨੂੰ ਪੈਨਸ਼ਨ ਪੰਦਰਾਂ ਸੌ ਰੁਪਏ ਮਹੀਨਾ ਕਰਨ ਦੇ ਲਾਰੇ ਲਗਾਏ ਗਏ। ਹੁਣ ਆਖਰੀ ਸਾਲ ਵਿਚ ਜੇਕਰ ਪੈਨਸ਼ਨ ਪੰਦਰਾਂ ਸੌ ਰੁਪਏ ਕਰਨ ਦਾ ਐਲਾਨ ਕੀਤਾ ਵੀ ਹੈ ਤਾਂ ਕਿਸੇ ਦੇ ਬੈਂਕ ਖਾਤੇ ਵਿਚ ਪੈਨਸ਼ਨ ਨਹੀਂ ਪਹੁੰਚੀ। ਲੋਕ ਪਰੇਸ਼ਾਨ ਹੋ ਰਹੇ ਹਨ। ਕਾਫੀ ਲੋਕਾਂ ਨੂੰ ਤਾਂ ਪਿਛਲੇ ਦੋ ਮਹੀਨੇ ਤੋਂ ਪੈਨਸ਼ਨ ਨਹੀਂ ਮਿਲੀ ਤੇ ਉਹ ਇਸ ਆਸ ਵਿਚ ਬੈਠੇ ਸਨ ਕਿ ਜੁਲਾਈ ਅਤੇ ਅਗਸਤ ਦੀ ਵਧੀ ਹੋਈ ਪੈਨਸ਼ਨ ਉਹਨਾਂ ਨੂੰ ਮਿਲਣ ਜਾ ਰਹੀ ਹੈ ਪਰ ਸ਼ਰਮਨਾਕ ਗੱਲ ਹੈ ਕਿ ਹੁਣ ਕਾਂਗਰਸ ਦੇ ਵਿਧਾਇਕਾਂ, ਸਾਬਕਾ ਕੌਂਸਲਰਾਂ ਅਤੇ ਵਾਰਡ ਪ੍ਰਧਾਨਾਂ ਰਾਹੀਂ ਪੈਨਸ਼ਨ ਦੇ ਚੈਕ ਗਲੀਆਂ ਚੌਰਾਹਿਆਂ ਤੇ ਮਜਮੇ ਲਗਾ ਕੇ ਵੰਡੇ ਜਾਣਗੇ ਜੋ ਕਿ ਗਰੀਬ ਮਜਬੂਰ ਪੈਨਸ਼ਨ ਭੋਗੀਆਂ ਨੂੰ ਜਲੀਲ ਕਰਨ ਵਾਲੀ ਗੱਲ ਹੈ। ਬਹੁਤ ਸਾਰੇ ਬਜੁਰਗ ਅਤੇ ਅੰਗਹੀਣ ਬੇਸਹਾਰੇ ਹਨ ਜੋ ਖੁਦ ਆਪਣਾ ਅਧਾਰ ਕਾਰਡ ਚੁੱਕੀਂ ਇਹਨਾਂ ਕਾਂਗਰਸੀਆਂ ਦੇ ਦਰਬਾਰ ਵਿਚ ਜਾਣ ਤੋਂ ਲਾਚਾਰ ਹਨ। ਬਹੁਤ ਸਾਰੇ ਬਿਮਾਰ ਬਜੁਰਗ ਹਨ ਜੋ ਤੁਰ-ਫਿਰ ਵੀ ਨਹੀਂ ਸਕਦੇ ਉਹ ਕਿਸ ਤਰ੍ਹਾਂ ਕਾਂਗਰਸੀਆਂ ਦੇ ਦਰਬਾਰਾਂ ‘ਚ ਪਹੁੰਚਣਗੇ। ਫਿਰ ਪੈਨਸ਼ਨ ਦਾ ਚੈਕ ਬੈਂਕ ‘ਚ ਲਗਾਉਣਾ ਅਤੇ ਕਲੀਅਰੈਂਸ ਦਾ ਇੰਤਜਾਰ ਕਰਨਾ ਪੈਨਸ਼ਨ ਭੋਗੀਆਂ ਲਈ ਖੱਜਲ ਖੁਆਰੀ ਨਹੀਂ ਤਾਂ ਹੋਰ ਕੀ ਹੈ? ਉਹਨਾਂ ਕੈਪਟਨ ਸਰਕਾਰ ਨੂੰ ਲਤਾੜਦਿਆਂ ਸੁਆਲ ਕੀਤਾ ਕਿ ਸਰਕਾਰ ਪੈਨਸ਼ਨ ਦੇਣ ਜਾ ਰਹੀ ਹੈ ਜਾਂ ਪੈਨਸ਼ਨ ਭੋਗੀਆਂ ਨਾਲ ਆਪਣੇ ਹੱਕ ਵਿਚ ਵੋਟਾਂ ਦਾ ਸੌਦਾ ਕਰਨ ਦਾ ਇਰਾਦਾ ਰੱਖਦੀ ਹੈ? ਅਰੁਣ ਖੋਸਲਾ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਮਾਜਿਕ ਸੁਰੱਖਿਆ ਤਹਿਤ ਦਿੱਤੀ ਜਾਣ ਵਾਲੀ ਪੈਨਸ਼ਨ ਨੂੰ ਵੋਟਾਂ ਦਾ ਹਥਿਆਰ ਬਨਾਉਣ ਤੋਂ ਗੁਰੇਜ ਕਰੇ ਨਹੀਂ ਤਾਂ ਸੱਤਾ ਤਾਂ ਜਾਣੀ ਹੀ ਹੈ ਪਰ ਅਜਿਹੀਆਂ ਕੋਝੀਆਂ ਹਰਕਤਾਂ ਨਾ ਛੱਡੀਆਂ ਤਾਂ ਬਾਕੀ ਦੇਸ਼ ਦੀ ਤਰ੍ਹਾਂ ਪੰਜਾਬ ਵਿਚ ਕਾਂਗਰਸ ਪਾਰਟੀ ਦਾ ਸਫਾਇਆ ਵੀ ਜਾਵੇਗਾ।