ਫਗਵਾੜਾ :- (ਸ਼ਿਵ ਕੋੜਾ) ਜਨਰਲ ਸਮਾਜ ਮੰਚ (ਰਜਿ.) ਪੰਜਾਬ ਦੇ ਸੂਬਾ ਪ੍ਰਧਾਨ ਸ੍ਰ. ਫਤਿਹ ਸਿੰਘ ਨੇ ਅੱਜ ਇੱਥੇ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੂੰ ਤਾੜਨਾ ਕੀਤੀ ਹੈ ਕਿ ਸਿਆਸੀ ਹਿਤਾਂ ਨੂੰ ਮੁੱਖ ਰਖ ਕੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਤੋਂ ਗੁਰੇਜ ਕੀਤਾ ਜਾਵੇ ਕਿਉਂਕਿ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ। ਸੱਤਾ ਦੇ ਨਸ਼ੇ ਵਿਚ ਵੋਟਰਾਂ ਨਾਲ ਧੱਕੇਸ਼ਾਹੀ ਕਰਨ ਤੋਂ ਗੁਰੇਜ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਨਵੀ ਵਾਰਡ ਬੰਦੀ ਤੋਂ ਬਾਅਦ ਬਣੀਆਂ ਨਵÄਆਂ ਵੋਟਰ ਲਿਸਟਾਂ ਵਿਚ ਉਹਨਾਂ ਦੇ ਪਰਿਵਾਰ ਦੀਆਂ ਚਾਰ ਵੋਟਾਂ ਦੂਸਰੇ ਵਾਰਡ ਵਿਚ ਪਾ ਦਿੱਤੀਆਂ ਗਈਆਂ ਹਨ। ਸ੍ਰ. ਫਤਿਹ ਸਿੰਘ ਅਨੁਸਾਰ ਉਹਨਾਂ ਦੇ ਪਰਿਵਾਰ ਦੀਆਂ ਛੇ ਵੋਟਾਂ ਹਨ ਅਤੇ ਨਵੀ ਵਾਰਡ ਬੰਦੀ ਅਨੁਸਾਰ ਉਹਨਾਂ ਦਾ ਵਾਰਡ ਨੰਬਰ 10 ਮੁਹੱਲਾ ਹਾਜੀਪੁਰ ਬੂਥ ਨੰਬਰ 20 ਹੈ ਪਰ ਜਦੋਂ ਉਹਨਾਂ ਵੋਟਰ ਲਿਸਟ ਦੇਖੀ ਤਾਂ ਉਹਨਾਂ ਦੇ ਪਰਿਵਾਰ ਦੀਆਂ ਚਾਰ ਵੋਟਾਂ ਵਾਰਡ ਨੰਬਰ 9 ਦੇ ਬੂਥ ਨੰਬਰ 19 ਵਿਚ ਪਾਈਆਂ ਹੋਈਆਂ ਸਨ ਜੋ ਕਿ ਨਿੰਦਣਯੋਗ ਹੈ। ਉਹਨਾਂ ਦੋਸ਼ ਲਾਇਆ ਕਿ ਬਿਨਾ ਸੱਤਾ ਧਿਰ ਦੀ ਸਿਆਸੀ ਦਖਲ ਅੰਦਾਜੀ ਦੇ ਅਜਿਹਾ ਸੰਭਵ ਨਹੀ ਕਿ ਹਰ ਵਾਰਡ ਵਿਚ ਹੀ ਉਹਨਾਂ ਵੋਟਾਂ ਨਾਲ ਛੇੜਛਾੜ ਹੋਵੇ ਜੋ ਸੰਭਾਵਿਤ ਤੌਰ ਤੇ ਕਾਂਗਰਸ ਪਾਰਟੀ ਦਾ ਵੋਟ ਬੈਂਕ ਨਹੀ ਹੈ। ਉਹਨਾਂ ਚੇਤਾਵਨੀ ਵੀ ਦਿੱਤੀ ਕਿ ਪ੍ਰਸ਼ਾਸਨਿਕ ਅਮਲਾ ਸੱਤਾ ਧਿਰ ਦੀ ਕਠਪੁਤਲੀ ਬਣ ਕੇ ਸ਼ਹਿਰ ਦਾ ਮਾਹੌਲ ਖਰਾਬ ਨਾ ਕਰੇ ਕਿਉਂਕਿ ਹਰ ਵਾਰਡ ਵਿਚ ਹੀ ਵੋਟਰ ਲਿਸਟਾਂ ਨਾਲ ਹੋ ਰਹੀ ਛੇੜਛਾੜ ਨੂੰ ਲੈ ਕੇ ਵੋਟਰਾਂ ਵਿਚ ਭਾਰੀ ਗੁੱਸਾ ਹੈ। ਜੇਕਰ ਕਾਰਪੋਰੇਸ਼ਨ ਚੋਣਾਂ ਤੋਂ ਪਹਿਲਾਂ ਵੋਟਰ ਲਿਸਟਾਂ ਦੀ ਦਰੁਸਤੀ ਨਾ ਕੀਤੀ ਗਈ ਤਾਂ ਸੱਤਾਧਾਰੀ ਕਾਂਗਰਸ ਦੇ ਨਾਲ ਹੀ ਪ੍ਰਸ਼ਾਸਨਿਕ ਅਮਲੇ ਨੂੰ ਵੀ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਵੇਗਾ।