ਫਗਵਾੜਾ 8 ਮਾਰਚ (ਸ਼ਿਵ ਕੋੜਾ) ਸਰਕਾਰੀ ਮਿਡਲ ਸਕੂਲ ਪੰਡਵਾ ਵਿਖੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਸਮਾਗਮ ਸਕੂਲ ਦੇ ਮੁੱਖ ਅਧਿਆਪਕ ਹਰਸਿਮਰਨ ਸਿੰਘ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ਬੱਚਿਆਂ ਵਲੋਂ ਮਹਿਲਾ ਦਿਵਸ ਨਾਲ ਸਬੰਧਤ ਵੱਖ ਵੱਖ ਗੀਤ, ਕਵਿਤਾ ਦੀਆਂ ਖੂਬਸੂਰਤ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਕਰਾਟੇ ਕੋਚ ਪਰਨੀਸ਼ ਕੁਮਾਰ ਦੀ ਦੇਖਰੇਖ ਹੇਠ ਜੁੱਡੋ-ਕਰਾਟੇ ਦੀ ਸਿਖਲਾਈ ਪੂਰੀ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ ਅਤੇ ਮੈਡਲਾਂ ਨਾਲ ਨਵਾਜਿਆ ਗਿਆ। ਮੁੱਖ ਅਧਿਆਪਕ ਹਰਸਿਮਰਨ ਸਿੰਘ ਨੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਅਜੋਕੇ ਸਮੇਂ ਵਿਚ ਔਰਤਾਂ ਨੇ ਹਰ ਖੇਤਰ ‘ਚ ਆਪਣੀ ਕਾਬਲੀਅਤ ਨੂੰ ਸਿੱਧ ਕੀਤਾ  ਹੈ। ਔਰਤ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਔਰਤ ਜਿੱਥੇ ਪਰਿਵਾਰ ਦੀ ਦੇਖਭਾਲ ਕਰਦੀ ਹੈ ਉੱਥੇ ਹੀ ਦੇਸ਼ ਅਤੇ ਸਮਾਜ ਦੀ ਤਰੱਕੀ ਵਿਚ ਵੀ ਵਢਮੁੱਲਾ ਯੋਗਦਾਨ ਪਾਉਂਦੀ ਹੈ। ਕਰਾਟੇ ਕੋਚ ਪਰਨੀਸ਼ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੜਕੀਆਂ ਨੂੰ ਵਿਦਿਆਰਥੀ ਜੀਵਨ ਵਿਚ ਜੁੱਡੋ-ਕਰਾਟੇ ਦੀ ਟਰੇਨਿੰਗ ਜਰੂਰ ਲੈਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਉਹਨਾਂ ਅੰਦਰ ਆਤਮ ਵਿਸ਼ਵਾਸ ਪੈਦਾ ਹੋਵੇਗਾ ਅਤੇ ਉਹ ਆਤਮ ਰੱਖਿਆ ਦੇ ਯੋਗ ਵੀ ਬਣਨਗੀਆਂ। ਇਸ ਮੌਕੇ ਮੈਡਮ ਕਾਮਨੀ ਦੇਵੀ, ਅਨੂੰ ਧੀਰ, ਜਸਵਿੰਦਰ ਕੌਰ, ਪੰਕਜ ਸਿੰਘ, ਰਾਹੁਲ, ਮਨਪ੍ਰੀਤ ਕੌਰ, ਨੇਹਾ ਤੋਂ ਇਲਾਵਾ ਸਕੂਲੀ ਵਿਦਿਆਰਥੀ ਹਾਜਰ ਸਨ।