ਫਗਵਾੜਾ 16 ਜਨਵਰੀ (ਸ਼ਿਵ ਕੋੜਾ) ਜਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਧੀ ਬਚਾਓ-ਧੀ ਪੜ੍ਹਾਓ ਮਹਿਮ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਗਵਾੜਾ ਵਿਖੇ ਕੁੜੀਆਂ ਦੀਆਂ ਬਲਾਕ ਪੱਧਰ ਦੀ ਅਥਲੈਟਿਕ ਮੀਟ ਕਰਵਾਈ ਗਈ। ਜਿਸ ਵਿਚ ਟਰੈਕ ਐਂਡ ਫੀਲਡ ਦੇ ਕੁੱਝ ਖਾਸ (ਈਵੇਂਟ) ਮੁਕਾਬਲੇ ਕਰਵਾਏ ਗਏ। ਇਸ ਈਵੇਂਟ ਵਿਚ ਸਰਕਾਰੀ ਸਕੂਲ ਦੀਆਂ ਅੰਡਰ-17 ਅਤੇ ਅੰਡਰ-19 ਵਰਗ ਦੀਆਂ ਕੁੜੀਆਂ ਨੇ ਭਾਗ ਲਿਆ ਅਤੇ ਵਧੀਆ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਮਾਣ ਵਧਾਇਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਪੁੱਜੇ ਸੁਖਦੇਵ ਸਿੰਘ ਰਾਮਾ ਨੇ ਕੁੜੀਆਂ ਦੀ ਹੌਸਲਾ ਅਫਜਾਈ ਕੀਤੀ। ਜੇਤੂ ਲੜਕੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਉਹਨਾਂ ਕਿਹਾ ਕਿ ਅਜੋਕੇ ਸਮੇਂ ਵਿਚ ਸਰੀਰਿਕ ਗਤੀਵਿਧੀਆਂ ਘਟਣ ਨਾਲ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਇਸ ਲਈ ਖੇਡਾਂ ‘ਚ ਹਿੱਸਾ ਲੈਣਾ ਚਾਹੀਦਾ ਹੈ ਜਿਸ ਨਾਲ ਸਰੀਰ ਦੀ ਚੰਗੀ ਕਸਰਤ ਹੋ ਜਾਂਦੀ ਹੈ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ। ਸਕੂਲ ਦੇ ਡੀ.ਪੀ.ਈ. ਸ਼ਾਮ ਸਿੰਘ ਅਤੇ ਪੀ.ਟੀ.ਆਈ. ਦੇਸਰਾਜ ਮਾਂਗਟ ਤੋਂ ਇਲਾਵਾ ਕੋਚ ਪ੍ਰਦੀਪ ਕੁਮਾਰ ਨੇ ਮੁਕਾਬਲਿਆਂ ‘ਚ ਹਿੱਸਾ ਲੈਣ ਵਾਲੀਆਂ ਐਥਲੀਟ ਲੜਕੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਡੀ.ਪੀ.ਈ. ਸ਼ਾਮ ਸਿੰਘ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਤੂ ਲੜਕੀਆਂ 18 ਜਨਵਰੀ ਨੂੰ ਕਪੂਰਥਲਾ ਵਿਖੇ ਹੋਣ ਵਾਲੀ ਜਿਲ੍ਹਾ ਪੱਧਰ ਦੀ ਅਥਲੈਟਿਕ ਮੀਟ ਵਿਚ ਭਾਗ ਲੈਣਗੀਆਂ। ਉਹਨਾਂ ਸਹਿਯੋਗ ਲਈ ਡਿਵਾਈਨ ਪਬਲਿਕ ਸਕੂਲ ਦੇ ਡੀ.ਪੀ.ਈ. ਸੁਰਿੰਦਰ ਕੁਮਾਰ, ਡੀ.ਪੀ.ਈ. ਪਵਨ ਖੇੜਾ ਅਤੇ ਚਾਚੋਕੀ ਸਕੂਲ ਦੇ ਡੀ.ਪੀ.ਈ. ਪਰਮਜੀਤ ਸਿੰਘ ਦਾ ਖਾਸ ਤੌਰ ਤੇ ਧੰਨਵਾਦ ਕੀਤਾ।