ਫਗਵਾੜਾ 10 ਫਰਵਰੀ (ਸ਼ਿਵ ਕੋੜਾ) ਸਰਕਾਰੀ ਹਾਈ ਸਕੂਲ ਉੱਚਾ ਪਿੰਡ ਵਿਖੇ ਖੇਡ ਦਿਵਸ ਮਨਾਇਆ ਗਿਆ। ਇਸ ਮੌਕੇ ਮੁੰਡਿਆਂ ਦਾ ਫੁਟਬਾਲ ਮੈਚ, ਕੁੜੀਆਂ ਦਾ ਬੈਡਮਿੰਟਨ ਮੁਕਾਬਲਾ ਤੋਂ ਇਲਾਵਾ ਦੌੜਾਂ ਕਰਵਾਈਆਂ ਗਈਆਂ। ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਸ੍ਰੀਮਤੀ ਰਮਨੀਕ ਕੌਰ ਨੇ ਸ਼ਿਰਕਤ ਕੀਤੀ ਜਦਕਿ ਤਾਈਕਵਾਂਡੋ ਦੇ ਨੈਸ਼ਨਲ ਕੋਚ ਪਰਨੀਸ਼ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਜੇਤੂ ਵਿਦਿਆਰਥੀਆਂ ਨੂੰ ਪੁਰਸਕਾਰ ਪ੍ਰਦਾਨ ਕਰਕੇ ਸਨਮਾਨਤ ਕੀਤਾ ਗਿਆ। ਸ੍ਰੀਮਤੀ ਰਮਨੀਕ ਕੌਰ ਨੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਦਿਆਂ ਕਿਹਾ ਕਿ ਖੇਡਾਂ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਜਿੰਦਗੀ ਦੀਆਂ ਔਂਕੜਾਂ ਨਾਲ ਮੁਕਾਬਲਾ ਕਰਨਾ ਦਾ ਹੌਸਲਾ ਮਿਲਦਾ ਹੈ। ਨੈਸ਼ਨਲ ਕੋਚ ਪਰਨੀਸ਼ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਬੇਸ਼ਕ ਜੀਵਨ ਵਿਚ ਸਫਲਤਾ ਲਈ ਪੜ੍ਹਾਈ ਬਹੁਤ ਜਰੂਰੀ ਹੈ ਲੇਕਿਨ ਰੋਜਾਨਾ ਥੋੜਾ ਸਮਾਂ ਖੇਡਾਂ ਵਿਚ ਵੀ ਵਤੀਤ ਕਰਨਾ ਚਾਹੀਦਾ ਹੈ। ਅਖੀਰ ਵਿਚ ਸਕੂਲ ਦੀ ਮੁੱਖ ਅਧਿਆਪਕਾ ਮੈਡਮ ਪਰਮਜੀਤ ਰਾਣਾ ਨੇ ਸਮੂਹ ਪਤਵੰਤਿਆਂ ਦਾ ਪਹੁੰਚਣ ਲਈ ਧੰਨਵਾਦ ਕੀਤਾ। ਇਸ ਮੌਕੇ ਸੇਵਾ ਮੁਕਤ (ਮੈਥ) ਮਾਸਟਰ ਸੁਖਵਿੰਦਰ ਸਿੰਘ, ਸ੍ਰੀਮਤੀ ਊਸ਼ਾ ਰਾਣੀ, ਅਜੀਤ ਪਾਲ ਸਿੰਘ, ਸੁਰਿੰਦਰ ਵਸ਼ਿਸ਼ਟ, ਸੰਦੀਪ ਸਿੰਘ, ਮਿਸ ਲਵਲੀ ਭੱਲਾ, ਸ੍ਰੀਮਤੀ ਗੁਰਵਿੰਦਰ ਕੌਰ ਅਤੇ ਜਗਤਾਰ ਸਿੰਘ ਆਦਿ ਹਾਜਰ ਸਨ।