ਅੰਮ੍ਰਿਤਸਰ- ਸਮਾਜ ਸੇਵਾ ਦੇ ਖੇਤਰ ‘ਚ ਪੂਰੀ ਦੁਨੀਆਂ ਅੰਦਰ ਨਿਰੰਤਰ ਵੱਡੇ ਕਾਰਜ ਕਰ ਰਹੀ ਸਰਬੱਤ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਡਾ.ਐੱਸ.ਪੀ.ਸਿੰਘ ਉਬਰਾਏ ਨੇ ਅੱਜ ਅੰਮ੍ਰਿਤਸਰ,ਗੁਰਦਾਸਪੁਰ,ਨਵਾਂ ਸ਼ਹਿਰ ਅਤੇ ਟਾਂਡਾ ਦੇ ਪ੍ਰਸ਼ਾਸਨ ਨੂੰ 2-2 ਵੈਂਟੀਲੇਟਰ ਦਿੱਤੇ ਹਨ। ਜਿਸ ਸਦਕਾ
ਪੂਰੀ ਦੁਨੀਆਂ ਅੰਦਰ ਦਹਿਸ਼ਤ ਫੈਲਾਉਣ ਵਾਲੇ ਕਰੋਨਾ ਵਾਇਰਸ ਦੀ ਲਾਗ ਤੋਂ ਲੋਕਾਂ ਨੂੰ ਬਚਾਉਣ ਲਈ ਜੂਝ ਰਹੇ ਇਨ੍ਹਾਂ ਜਿਲ੍ਹਿਆਂ ਦੇ ਸਿਹਤ ਤੇ ਸਿਵਲ ਪ੍ਰਸ਼ਾਸਨ ਨੂੰ ਵੱਡੀ ਰਾਹਤ ਮਿਲੇਗੀ।
ਅੱਜ ਅੰਮ੍ਰਿਤਸਰ ਵਿਖੇ ਟਰੱਸਟ ਵੱਲੋਂ ਭੇਜੇ ਗਏ ਵੈਂਟੀਲੇਟਰ ਪ੍ਰਾਪਤ ਕਰਨ ਮੌਕੇ ਉਚੇਚੇ ਤੌਰ ਤੇ ਪਹੁੰਚੇ ਕੈਬਨਿਟ ਮੰਤਰੀ ਓ.ਪੀ.ਸੋਨੀ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ, ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪਿ੍ੰਸੀਪਲ ਡਾ. ਸੁਜਾਤਾ ਸ਼ਰਮਾ ਆਦਿ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ. ਓਬਰਾਏ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਇਸ ਅਖੀ ਘੜੀ ਵੇਲੇ ਪ੍ਰਸ਼ਾਸਨ ਅਤੇ ਲੋੜਵੰਦ ਲੋਕਾਂ ਦੀ ਵੱਡੇ ਪੱਧਰ ਤੇ ਕੀਤੀ ਜਾ ਰਹੀ ਸੇਵਾ ਇੱਕ ਵੱਖਰੀ ਮਿਸਾਲ ਪੇਸ਼ ਕਰਦੀ ਹੈ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਮੁੱਖੀ ਡਾ.ਐੱਸ.ਪੀ. ਸਿੰਘ ਉਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕਾਫ਼ੀ ਦਿਨ ਤੋਂ ਹੀ 20 ਵੈਂਟੀਲੇਟਰ ਕੰਪਨੀ ਆਰਡਰ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ, ਗੁਰਦਾਸਪੁਰ,ਨਵਾਂਸ਼ਹਿਰ ਤੇ ਹੁਸ਼ਿਅਾਰਪੁਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਉਨ੍ਹਾਂ ਨਾਲ ਨਿੱਜੀ ਤੌਰ ਤੇ ਸੰਪਰਕ ਕਰਕੇ ਵੈਂਟੀਲੇਟਰਾਂ ਦੀ ਮੰਗ ਕੀਤੀ ਸੀ,ਜਿਸ ਨੂੰ ਅੱਜ ਪੂਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਭਿਆਨਕ ਬਿਮਾਰੀ ਦੇ ਫੈਲਣ ਕਾਰਨ ਇੱਕਦਮ ਵੈਂਟੀਲੇਟਰਾਂ ਦੀ ਮੰਗ ਵੱਧਣ ਕਾਰਨ ਵੈਂਟੀਲੇਟਰ ਬਣਾਉਣ ਵਾਲੀ ਕੰਪਨੀ ਵੱਲੋਂ ਵੈਂਟੀਲੇਟਰਾਂ ਦੀ ਸਪਲਾਈ ‘ਚ ਦੇਰੀ ਹੋ ਰਹੀ ਹੈ ਪਰ ਫ਼ਿਰ ਵੀ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਲੋੜੀਂਦੀਆਂ ਥਾਵਾਂ ਤੇ ਵੈਂਟੀਲੇਟਰ ਭੇਜੇ ਜਾ ਸਕਣ।
ਡਾ.ਓਬਰਾਏ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਟਰੱਸਟ ਵੱਲੋਂ ਪਹਿਲੇ ਪੜਾਅ ਤਹਿਤ 2 ਹਜ਼ਾਰ ਐੱਨ-95 ਮਾਸਕ ਤੇ 2 ਹਜ਼ਾਰ ਪੀ.ਪੀ. ਕਿੱਟਾਂ ਦਾ ਵੀ ਆਰਡਰ ਦਿੱਤਾ ਗਿਆ ਹੈ,ਜੋ ਬਹੁਤ ਹੀ ਜਲਦ ਕਰੋਨਾ ਤੋਂ ਪੀੜਤ ਮਰੀਜ਼ਾਂ ਦਾ ਇਲਾਜ ਕਰ ਰਹੇ ਸਿਹਤ ਵਿਭਾਗ ਦੇ ਡਾਕਟਰਾਂ ਤੇ ਹੋਰਨਾਂ ਕਰਮਚਾਰੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨਾਂ ਰਾਹੀਂ ਵੰਡ ਦਿੱਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਇਸ ਔਖੀ ਘੜੀ ‘ਚ ਦਿਨ-ਰਾਤ ਸੇਵਾ ਨਿਭਾ ਰਹੇ ਪੁਲਸ ਪ੍ਰਸ਼ਾਸਨ ਨੂੰ ਵੀ ਵੱਡੀ ਗਿਣਤੀ ‘ਚ ਸੈਨੀਟਾਈਜ਼ਰ ਭੇਜੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਲਏ ਫ਼ੈਸਲੇ ਮੁਤਾਬਕ ਕਰੋਨਾ ਵਾਇਰਸ ਕਾਰਨ ਬੇਰੁਜ਼ਗਾਰ ਹੋਏ ਦਿਹਾੜੀਦਾਰ ਮਜ਼ਦੂਰਾਂ ਨੂੰ ਰਾਸ਼ਨ ਮੁਹੱਈਆ ਕਰਾਉਣ ਲਈ ਜੋ 5 ਕਰੋਡ਼ ਰੁਪਏ ਖਰਚ ਕਰਨ ਦਾ ਅੈਲਾਨ ਕੀਤਾ ਗਿਅਾ ਹੈ,ਉਸ ਦੇ ਪਹਿਲੇ ਪੜਾਅ ਤਹਿਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਇਲਾਵਾ ਨਾਲਾਗੜ,ਸ੍ਰੀ ਗੰਗਾਨਗਰ ਤੇ ਚੰਡੀਗੜ੍ਹ ਨੂੰ 110 ਟਨ ਅਾਟਾ,50 ਟਨ ਖੰਡ,25 ਟਨ ਚਾਵਲ ਅਤੇ 25 ਟਨ ਦਾਲਾਂ ਸਮੇਤ 5 ਹਜ਼ਾਰ ਹੋਰ ਸੈਨੀਟਾਈਜ਼ਰ ਵੀ ਪਹੁੰਚਾ ਦਿੱਤੇ ਗਏ ਹਨ।
ਇਸ ਦੌਰਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਅਤੇ ਖ਼ਜ਼ਾਨਚੀ ਨਵਜੀਤ ਸਿੰਘ ਘਈ ਆਦਿ ਵੀ ਵਿਸ਼ੇਸ਼ ਰੂਪ ‘ਚ ਮੌਜੂਦ ਸਨ।
ਕੈਪਸ਼ਨ: 1 – ਟਰੱਸਟ ਵੱਲੋਂ ਭੇਜੇ ਵੈਂਟੀਲੇਟਰ ਪ੍ਰਾਪਤ ਕਰਨ ਮੌਕੇ ਕੈਬਨਿਟ ਮੰਤਰੀ ਓ.ਪੀ.ਸੋਨੀ,ਡੀ.ਸੀ.ਸ਼ਿਵਦੁਲਾਰ ਸਿੰਘ ਢਿੱਲੋਂ,ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨਾਲ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਨਵਜੀਤ ਘਈ ਤੇ ਹੋਰ।