ਜਲੰਧਰ—(28.06.2021): ਦੁਨੀਆ ਭਰ ਦੇ ਦੇਸ਼ਾਂ ਵਿੱਚ ਖਾਸਕਰ ਵਿਕਾਸਸ਼ੀਲ ਦੇਸ਼ਾਂ ਦੇ ਸਾਹਮਣੇ ਵੱਧਦੀ ਆਬਾਦੀ ਇਕ
ਚਿੰਤਾ ਦਾ ਵਿਸ਼ਾ ਹੈ। ਸਾਡੇ ਦੇਸ਼ ਚ ਵੀ ਆਬਾਦੀ ਵਿੱਚ ਹੋ ਰਿਹਾ ਲਗਾਤਾਰ ਵਾਧਾ ਇਕ ਵੱਡੀ ਸੱਮਸਿਆ ਹੈ। ਇਸਦੇ ਮੱਦੇਨਜ਼ਰ
ਸਿਹਤ ਵਿਭਾਗ ਜਲੰਧਰ ਵੱਲੋਂ ਵਿਸ਼ਵ ਆਬਾਦੀ ਦਿਵਸ-2021 ਤਹਿਤ 27 ਜੂਨ ਤੋਂ 24 ਜੁਲਾਈ ਤੱਕ ਲੋਕਾਂ ਨੂੰ ਵਿਸ਼ੇਸ਼ ਮੁਹਿੰਮ
ਰਾਹੀਂ ਪਹਿਲੇ ਫੇਜ਼  ਦੰਪਤੀ ਸੰਪਰਕ ਪੰਦਰਵਾੜਾ ; ਦੌਰਾਨ 27 ਜੂਨ ਤੋਂ 10 ਜੁਲਾਈ ਤੱਕ ਯੋਗ ਜੋੜਿਆਂ ਨਾਲ ਸੰਪਰਕ ਕੀਤਾ
ਜਾ ਰਿਹਾ ਹੈ ਅਤੇ ਪਰਿਵਾਰ ਨੂੰ ਸੀਮਤ ਰੱਖਣ ਦੇ ਫਾਇਦੇਆਂ ਅਤੇ ਪਰਿਵਾਰ ਨਿਯੋਜਨ ਲਈ ਉਪਲੱਬਧ ਸਾਧਨਾਂ ਬਾਰੇ
ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵਿਆਹ ਲਈ ਸਹੀ ਉਮਰ, ਦੋ ਬੱਚਿਆਂ ਦੇ ਵਿਚਕਾਰ ਘੱਟ ਤੋਂ ਘੱਟ ਤਿੰਨ ਸਾਲ
ਦਾ ਵਕਫਾ, ਪਰਿਵਾਰ ਨਿਯੋਜਨ ਦੇ ਸਥਾਈ ਅਤੇ ਅਸਥਾਈ ਸਾਧਨਾਂ ਬਾਰੇ ਵੀ ਜਾਣਕਾਰੀ ਦਾ ਪ੍ਰਸਾਰ ਕੀਤਾ ਜਾ ਰਿਹਾ ਹੈ। ਇਸ
ਮੁਹਿੰਮ ਦੇ ਦੂਜੇ ਫੇਜ਼ ਜਨਸੰਖਿਆ ਸਥਿਰਤਾ ਪੰਦਰਵਾੜਾ  ਦੌਰਾਨ 11 ਤੋਂ 24 ਜੁਲਾਈ ਤੱਕ ਲੋਕਾਂ ਨੂੰ ਪਰਿਵਾਰ ਨਿਯੋਜਨ
ਸੇਵਾਵਾਂ ਦੇਣ ਲਈ ਉਪਰਾਲੇ ਕੀਤੇ ਜਾਣਗੇ।
ਸਿਵਲ ਸਰਜਨ ਡਾ. ਬਲਵੰਤ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਇਸ ਸਾਲ
ਵਿਸ਼ਵ ਆਬਾਦੀ ਦਿਵਸ ਦਾ ਥੀਮ ਸਵੈ-ਨਿਰਭਰ ਦੇਸ਼ ਅਤੇ ਪਰਿਵਾਰ ਦੇ ਲਈ ਸੰਕਟ 'ਚ ਵੀ ਪਰਿਵਾਰ ਨਿਯੋਜਨ ਸੇਵਾਵਾਂ ਦੀ
ਵਿਵਸਥਾ ਹੈ। ਉਨ੍ਹਾਂ ਵੱਲੋਂ ਫੀਲਡ ਸਟਾਫ ਨੂੰ ਹਦਾਇਤ ਕੀਤੀ ਗਈ ਕਿ ਵਿਸ਼ਵ ਅਬਾਦੀ ਦਿਵਸ ਦੇ ਸਬੰਧ ਵਿੱਚ ਮਨਾਏ ਜਾ ਰਹੇ
ਪੰਦਰਵਾੜੇਆਂ ਲਈ ਲੋੜੀ਼ਦੀਆਂ ਤਿਆਰੀਆਂ ਕੀਤੀਆਂ ਜਾਣ, ਫੀਲਡ ਸਟਾਫ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਪਰਿਵਾਰ ਨਿਯੋਜਨ
ਅਪਨਾਉਣ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਜਾਗਰੂਕਤਾ ਲਈ ਯਤਨ ਕੀਤੇ ਜਾਣ।
ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਕੁਮਾਰ ਵੱਲੋਂ ਦੱਸਿਆ ਗਿਆ ਕਿ ; ਵਿਸ਼ਵ ਆਬਾਦੀ ਦਿਵਸ ਮੁਹਿੰਮ-2021
ਦੌਰਾਨ ਬੱਚਿਆ ਦੇ ਜਨਮ ਵਿੱਚਕਾਰ ਵਕਫਾ ਰੱਖਣ ਲਈ ਪਰਿਵਾਰ ਨਿਯੋਜਨ ਦੇ ਸਥਾਈ ਤੇ ਅਸਥਾਈ ਸਾਧਨ ਜਿਵੇਂ ਕਿ ਗਰਭ
ਨਿਰੋਧਕ ਗੋਲੀਆਂ, ਨਿਰੋਧ, ਅੰਤਰਾ ਇੰਜੈਕਸ਼ਨ, ਕਾਪਰ ਟੀ, ਨਲਬੰਦੀ-ਨਸਬੰਦੀ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦਿੱਤੀ
ਜਾਵੇਗੀ। ਉਨ੍ਹਾਂ ਕਿਹਾ ਕਿ ਮਾਂ ਅਤੇ ਬੱਚੇ ਦੀ ਤੰਦਰੁਸਤੀ ਦੇ ਲਈ ਉਪਰਾਲੇ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਗਰਭਵਤੀ ਮਾਵਾਂ ਦੇ
ਇਲਾਜ ਵਿੱਚ ਲਗਾਤਾਰ ਫੋਲੋਅਪ ਦੀ ਲੋੜ ਹੈ ਤਾਂ ਜੋ ਗਰਭਵਤੀ ਮਾਵਾਂ ਦੀ ਮੌਤ ਦਰ ਨੂੰ ਘਟਾਇਆ ਜਾ ਸਕੇ। ਨਵਜਨਮੇ ਬੱਚੇ
ਦੀ ਸਿਹਤ ਨੁੰ ਮੁੱਖ ਰੱਖਦਿਆ, ਉਨ੍ਹਾਂ ਕਿਹਾ ਕਿ ਬੱਚਿਆ ਲਈ ਸਿਹਤ ਵਿਭਾਗ ਵੱਲੋਂ ਨਿਰਧਾਰਿਤ ਟੀਕਾਕਰਣ ਕਰਵਾਉਣਾ
ਯਕੀਨੀ ਬਣਾਇਆ ਜਾਵੇ।