
ਫਗਵਾੜਾ :- (ਸ਼ਿਵ ਕੋੜਾ) ਭਾਰਤੀ ਕਿਸਾਨ ਯੂਨੀਅਨ (ਦੋਆਬਾ) ਵਲੋਂ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾ ਨੂੰ ਰੱਦ ਕਰਾਉਣ ਲਈ ਸਿੰਘੁ ਬਾਰਡਰ ਦਿੱਲੀ ਵਿਖੇ ਲੱਗੇ ਕਿਸਾਨੀ ਮੋਰਚੇ ‘ਚ ਸ਼ਾਮਲ ਹੋਣ ਲਈ ਆਉਣ-ਜਾਣ ਵਾਲੀ ਸੰਗਤ ਦੀ ਸਹੂਲਤ ਲਈ ਪਿੰਡ ਮੌਲੀ ਗੇਟ ਨਜਦੀਕ ਜਮਾਲਪੁਰ ਜੀਟੀ ਰੋਡ ਫਗਵਾੜਾ ਵਿਖੇ ਚਲਾਈ ਜਾ ਰਹੀ 24 ਘੰਟੇ ਲੰਗਰ ਦੀ ਸੇਵਾ ਵਿਚ ਅੱਜ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਵੀ ਪੁੱਜੇ ਅਤੇ ਆਪਣੇ ਹੱਥਾਂ ਨਾਲ ਸੰਗਤ ਨੂੰ ਲੰਗਰ ਦੀ ਸੇਵਾ ਵਰਤਾਈ। ਇਸ ਮੌਕੇ ਸਾਬਕਾ ਮੰਤਰੀ ਮਾਨ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ 26 ਜਨਵਰੀ ਦੇ ਕਿਸਾਨਾ ਵਲੋਂ ਐਲਾਨੇ ਗਈ ਟਰੈਕਰਟ ਪਰੇਡ ਤੋਂ ਘਬਰਾ ਗਈ ਹੈ ਅਤੇ ਇਸ ਟਰੈਕਟਰ ਪਰੇਡ ਨੂੰ ਕਿਸੇ ਬਹਾਨੇ ਟਾਲਣ ਦੇ ਮਕਸਦ ਨਾਲ ਬੁੱਧਵਾਰ ਨੂੰ ਖੇਤੀ ਕਾਨੂੰਨ ਸਾਲ ਡੇਢ ਸਾਲ ਟਾਲਣ ਦੀ ਗੱਲ ਕਹੀ ਗਈ ਹੈ ਪਰ ਕਿਸਾਨਾ ਦੀ ਇਸ ਮੰਗ ਨੂੰ ਇਕ ਵਾਰ ਫਿਰ ਅੱਖੋਂ ਪਰੋਖੇ ਕੀਤਾ ਗਿਆ ਹੈ ਕਿ ਜੋ ਕਿਸਾਨ ਵਿਰੋਧੀ ਖੇਤੀ ਕਾਨੂੰਨ ਕਾਰਪੋਰੇਟ ਘਰਾਣਿਆ ਦੇ ਹਿਤਾਂ ਨੂੰ ਧਿਆਨ ਵਿਚ ਰੱਖ ਕੇ ਬਣਾਏ ਗਏ ਹਨ ਉਹਨਾਂ ਨੂੰ ਰੱਦ ਕਰਕੇ ਨਵੇਂ ਸਿਰੇ ਤੋਂ ਕਿਸਾਨਾ ਨੂੰ ਵਿਸ਼ਵਾਸ ਵਿਚ ਲੈ ਕੇ ਖੇਤੀ ਸੁਧਾਰ ਬਿਲਾਂ ਨੂੰ ਤਿਆਰ ਕੀਤਾ ਜਾਵੇ। ਉਹਨਾਂ ਕਿਹਾ ਕਿ ਕੇਂਦਰ ਦੀ ਇਸ ਚਾਲ ਨੂੰ ਕਿਸਾਨ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਜੋ ਵੀ ਫੈਸਲਾ ਕਿਸਾਨ ਜੱਥੇਬੰਦੀਆਂ ਵਲੋਂ ਲਿਆ ਜਾਵੇਗਾ ਕਾਂਗਰਸ ਪਾਰਟੀ ਉਸਦਾ ਪੁਰਜੋਰ ਸਮਰਥਨ ਕਰੇਗੀ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸਤਬੀਰ ਸਿੰਘ ਸਾਬੀ ਵਾਲੀਆ, ਅਮਨਦੀਪ ਸਿੰਘ ਖੰਡ ਵਾਲੇ, ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਅਵਤਾਰ ਸਿੰਘ ਸਰਪੰਚ ਪੰਡਵਾ, ਨਵਜਿੰਦਰ ਸਿੰਘ ਬਾਹੀਆ, ਇੰਦਰਜੀਤ ਸਿੰਘ ਖਲਿਆਣ, ਗੁਰਦੀਪ ਸਿੰਘ ਖੇੜਾ, ਜੀਤੀ ਖੇੜਾ, ਕੇ.ਕੇ. ਸ਼ਰਮਾ, ਹਰਨੇਕ ਸਿੰਘ ਨੇਕੀ ਹਰਦਾਸਪੁਰ, ਪੂਜਾ ਬੈਂਸ, ਸੋਢੀ ਸਾਬਕਾ ਸਰਪੰਚ ਬੀੜ ਪੁਆਦ, ਕ੍ਰਿਪਾਲ ਸਿੰਘ ਮੂਸਾਪੁਰ, ਮਨਜੋਤ ਸਿੰਘ ਆਦਿ ਨੇ ਵੀ ਕਿਸਾਨ ਵੀਰਾਂ ਨੂੰ ਲੰਗਰ ਦੀ ਸੇਵਾ ਵਰਤਾਈ।