ਫਗਵਾੜਾ 8 ਮਾਰਚ (ਸ਼਼ਿਵ ਕੋੋੜਾ) ਪੰਜਾਬ ਸਰਕਾਰ ਵਲੋਂ ਅੱਜ ਵਿਧਾਨਸਭਾ ਵਿਚ ਪੇਸ਼ ਕੀਤੇ ਬਜਟ ਨੂੰ ਬੇਹਤਰੀਨ ਬਜਟ ਦਸਦਿਆਂ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਇਸ ਬਜਟ ਨਾਲ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪੰਜਾਬੀਆਂ ਨਾਲ 2017 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਸਮੇਂ ਕੀਤੇ ਸਾਰੇ ਵਾਅਦੇ ਤਕਰੀਬਨ ਪੂਰੇ ਕਰ ਦਿੱਤੇ ਹਨ। ਉਹਨਾਂ ਪੈਨਸ਼ਨ ਦੀ ਰਕਮ ਨੂੰ ਵਧਾ ਕੇ ਪੰਦਰਾਂ ਸੌ ਰੁਪਏ ਪ੍ਰਤੀ ਮਹੀਨਾ ਕਰਨ, ਸ਼ਗਨ ਰਾਸ਼ੀ ਨੂੰ 21 ਹਜਾਰ ਤੋਂ ਵਧਾ ਕੇ 51 ਹਜਾਰ ਰੁਪਏ ਕਰਨ ਤੋਂ ਇਲਾਵਾ ਡਾ. ਬੀ.ਆਰ. ਅੰਬੇਡਕਰ ਦੀ ਯਾਦ ਵਿਚ 100 ਕਰੋੜ ਰੁਪਏ ਦੀ ਲਾਗਤ ਨਾਲ 25 ਏਕੜ ਜਮੀਨ ‘ਤੇ ਯਾਦਗਾਰ ਦੀ ਉਸਾਰੀ ਕਰਨ, 6ਵੇਂ ਵਿੱਤ ਕਮੀਸ਼ਨ ਨੂੰ ਜੁਲਾਈ 2021 ਤੋਂ ਲਾਗੂ ਕਰਨ ਦੀ ਭਰਪੂਰ ਸ਼ਲਾਘਾ ਕੀਤੀ। ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਔਰਤਾਂ ਲਈ ਪੰਜਾਬ ਰੋਡਵੇਜ ਦੀਆਂ ਬੱਸਾਂ ‘ਚ ਫਰੀ ਸਫਰ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਔਰਤਾਂ ਨੂੰ ਸਰਕਾਰ ਦਾ ਤੋਹਫਾ ਹੈ। ਪੰਜਾਬ ਸਰਕਾਰ ਨੇ ਬਜਟ ਵਿਚ ਜਿੱਥੇ ਭਾਰਤੀ ਸੰਵਿਧਾਨ ਨਿਰਮਾਤਾ ਡਾ. ਅੰਬੇਡਕਰ ਨੂੰ ਮਾਣ ਦਿੱਤਾ ਹੈ ਉੱਥੇ ਹੀ ਕਿਸਾਨਾ ਦੇ ਲਗਭਗ 1186 ਕਰੋੜ ਦੇ ਬਕਾਇਆ ਕਰਜ ਮਾਫ ਕਰਨ ਦਾ ਐਲਾਨ ਕਰਕੇ ਕਿਸਾਨਾ ਪ੍ਰਤੀ ਵੀ ਆਪਣੀ ਦਰਿਆਦਿਲੀ ਦਾ ਮੁੜ ਪ੍ਰਗਟਾਵਾ ਕੀਤਾ ਹੈ। ਇਸ ਤੋਂ ਇਲਾਵਾ 9 ਲੱਖ ਹੋਰ ਲੋੜਵੰਦ ਪਰਿਵਾਰਾਂ ਦੇ ਸਮਾਰਟ ਬਨਾਉਣ ਦੇ ਐਲਾਨ ਨੂੰ ਵੀ ਸਾਬਕਾ ਮੰਤਰੀ ਮਾਨ ਨੇ ਗਰੀਬ ਵਰਗ ਦੀ ਭਲਾਈ ਲਈ ਸਰਕਾਰ ਦਾ ਸ਼ਲਾਘਾਯੋਗ ਯਤਨ ਦੱਸਿਆ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਜਨਤਾ ਨਾਲ ਜੋ ਵਾਅਦੇ ਕੀਤੇ ਸੀ ਉਹਨਾਂ ਨੂੰ ਤਕਰੀਬਨ ਪੂਰਾ ਕਰ ਲਿਆ ਹੈ ਅਤੇ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ।