ਫਗਵਾੜਾ 23 ਜੁਲਾਈ (ਸ਼ਿਵ ਕੋੜਾ) :ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਚੰਡੀਗੜ੍ਹ ਵਿਖੇ ਹੋਏ ਤਾਜਪੋਸ਼ੀ ਸਮਾਗਮ ‘ਚ ਸ਼ਾਮਲ ਹੋਣ ਲਈ ਕਾਂਗਰਸੀ ਵਰਕਰਾਂ ਦਾ ਇਕ ਜੱਥਾ ਅੱਜ ਸੂਬੇ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਫਗਵਾੜਾ ਤੋਂ ਰਵਾਨਾ ਹੋਇਆ। ਜੱਥੇ ਦੀ ਰਵਾਨਗੀ ਸਮੇਂ ਜਿੱਥੇ ਵਰਕਰਾਂ ਵਿਚ ਭਾਰੀ ਉਤਸ਼ਾਹ ਸੀ ਉੱਥੇ ਹੀ ਦੇਰ ਸ਼ਾਮ ਚੰਡੀਗੜ੍ਹ ਤੋਂ ਵਾਪਸ ਪਰਤੇ ਜੋਗਿੰਦਰ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ‘ਚ ਪੰਜਾਬ ਭਰ ਤੋਂ ਆਏ ਹਜਾਰਾਂ ਕਾਂਗਰਸੀ ਵਰਕਰਾਂ ਦਾ ਠਾਠਾਂ ਮਾਰਦਾ ਉਤਸ਼ਾਹ ਇਸ ਗੱਲ ਦਾ ਗਵਾਹ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਨਾਲ ਪੰਜਾਬ ਕਾਂਗਰਸ ਵਿਚ ਨਵੇਂ ਜੋਸ਼ ਦਾ ਸੰਚਾਰ ਹੋਇਆ ਹੈ। ਉਹਨਾਂ ਕਿਹਾ ਕਿ ਇਸ ਤਾਜਪੋਸ਼ੀ ਸਮਾਗਮ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਨੇ ਵਿਰੋਧੀਆਂ ਦੇ ਮਨਸੂਬਿਆਂ ਤੇ ਪਾਣੀ ਫੇਰਨ ਦਾ ਕੰਮ ਕੀਤਾ ਹੈ। ਕਾਂਗਰਸ ਪਾਰਟੀ ਪੂਰੀ ਤਰ੍ਹਾਂ ਨਾਲ ਇਕਜੁਟ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਰਗ ਦਰਸ਼ਨ ਹੇਠ ਪੰਜਾਬ ਪ੍ਰਧਾਨ ਨਵਜੋਤ ਸਿੱਧੂ ਦੀ ਅਗਵਾਈ ਹੇਠ ਅਗਲੇ ਸਾਲ 2022 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਵਿਚ ਉਤਰੇਗੀ ਤੇ ਲਗਾਤਾਰ ਦੂਸਰੀ ਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਦੇ ਹੋਏ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣੇਗੀ। ਇਸ ਮੌਕੇ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਕਾਕਾ ਨਾਰੰਗ, ਯੂਥ ਕਾਂਗਰਸ ਦੇ ਜਿਲ੍ਹਾ ਮੀਤ ਪ੍ਰਧਾਨ ਹਰਨੂਰ ਸਿੰਘ ਹਰਜੀ ਮਾਨ, ਕੇ.ਕੇ. ਸ਼ਰਮਾ, ਗੁਰਪ੍ਰੀਤ ਕੌਰ ਜੰਡੂ, ਵਰੁਣ ਬੰਗੜ, ਮਨਜੋਤ ਸਿੰਘ, ਇੰਦਰਜੀਤ ਪੀਪਾਰੰਗੀ, ਨਵਜਿੰਦਰ ਸਿੰਘ ਬਾਹੀਆ, ਬੰਟੀ ਆਦਿ ਤੋਂ ਇਲਾਵਾ ਹੋਰ ਕਾਂਗਰਸੀ ਵਰਕਰ ਤੇ ਸਮਰਥਕ ਹਾਜਰ ਸਨ।