ਜਲੰਧਰ 31 ਜੁਲਾਈ 2020
ਕਰਨਲ ਦਲਵਿੰਦਰ ਸਿੰਘ,ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਪੰਜਾਬ ਸ੍ਰ.ਸਤਿੰਦਰ ਸਿੰਘ ਵਲੋਂ ਸਾਬਕਾ ਸੈਨਿਕਾਂ ਦੀ ਭਲਾਈ ਲਈ ਹਰ ਸੰਭਵ ਯਤਨ ਕੀਤੇ ਗਏ ਹਨ ਤਾਂ ਕਿ ਰਾਜ ਦੇ ਸਮੂਹ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਬੱਚਿਆ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।
ਉਨ੍ਹਾਂ ਦੱਸਿਆ ਕਿ ਰੱਖਿਆ ਸੇਵਾਵਾਂ ਭਲਾਈ ਵਿਭਾਗ ਵਚਨਬੱਧ ਹੈ ਕਿ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਅਜੋਕੇ ਯੁੱਗ ਦੀਆਂ ਜਰੂਰਤਾਂ ਨੂੰ ਮੁੱਖ ਰੱਖਦੇ ਹੋਏ ਸਿੱਖਿਅਤ ਕੀਤਾ ਜਾਵੇ ਤਾਂ ਜੋ ਉਹ ਫੌਜ ਵਿੱਚੋਂ ਸੇਵਾ ਮੁਕਤ ਹੋਣ ਉਪਰੰਤ ਅਪਣੀ ਜਿੰਦਗੀ ਦਾ ਨਿਰਵਾਹ ਚੰਗੇ ਢੰਗ ਨਾਲ ਕਰ ਸਕਣ। ਉਨ੍ਹਾਂ ਦੱਸਿਆ ਕਿ ਇਸੇ ਲੜੀ ਵਿੱਚ ਪੰਜਾਬ ਸਰਕਾਰ ਰੱਖਿਆ ਸੇਵਾਵਾਂ ਭਲਾਈ ਵਿਭਾਗ ਵਲੋਂ ਸਾਬਕਾ ਸੈਨਿਕਾਂ ਦੇ ਬੱਚਿਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਅਤੇ ਸਾਬਕਾ ਸੈਨਿਕਾਂ ਨੂੰ ਆਤਮ ਨਿਰਭਰ ਬਣਾਉਣ ਲਈ ਤਕਰੀਬਨ ਸਾਰੇ ਜਿਲਿ੍ਹਆਂ ਵਿੱਚ ਸੈਨਿਕ ਇੰਸਟੀਚਿਊਟ ਖੋਲ੍ਹੇ ਗਏ ਹਨ ,ਜਿਸ ਰਾਹੀਂ ਉਨਾਂ ਨੂੰ ਕੰਪਿਊਟਰ ਕੋਰਸ ਕਰਵਾਕੇ ਮੁੜ ਵਸੇਬੇ ਲਈ ਸਿੱਖਿਅਤ ਕੀਤਾ ਜਾਣ ਲੱਗਾ।
ਉਨ੍ਹਾਂ ਦੱਸਿਆ ਕਿ ਇਸੇ ਤਹਿਤ ਪੰਜਾਬ ਦੇ ਲਗਭਗ 10 ਜਿਲਿ੍ਹਆਂ ਵਿੱਚ ਰੈਗੂਲਰ ਪ੍ਰੋਫੈਸ਼ਨਲ ਕੋਰਸ ਕਰਵਾਉਣ ਤੋਂ ਇਲਾਵਾ ਪੰਜਾਬ ਵਿੱਚ ਹੋਰ 5 ਕੰਪਿਊਟਰ ਸੈਂਟਰ ਚੱਲ ਰਹੇ ਹਨ ਜੋ ਕਿ ਆਈ.ਕੇ.ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਐਮ.ਆਰ.ਐਸ.ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹਨ ਅਤੇ ਇਨਾਂ ਰਾਹੀਂ ਵਿਦਿਆਰਥੀਆਂ ਨੂੰ ਬਹੁਤ ਵਧੀਆ ਸਿਖਲਾਈ ਦਿੱਤੀ ਜਾਂਦੀ ਹੈ,ਜਿਸ ਕਰਕੇ ਉਨ੍ਹਾਂ ਨੂੰ ਭਵਿੱਖ ਵਿੱਚ ਬਹੁਤ ਫਾਇਦਾ ਪਹੁੰਚੇਗਾ ਕਿਉਂਕਿ ਕੰਪਿਊਟਰ ਦਾ ਯੁੱਗ ਹੋਣ ਕਰਕੇ ਸਾਰੇ ਕੰਮਾਂ ਨੂੰ ਕੰਪਿਊਟਰਾਈਜ਼ ਕੀਤਾ ਜਾ ਰਿਹਾ ਹੈ ਅਤੇ ਕੰਮ-ਕਾਜ ਕਰਨ ਦੇ ਸਾਰੇ ਢੰਗ ਕੰਪਿਊਟਰ ’ਤੇ ਅਧਾਰਿਤ ਹੁੰਦੇ ਜਾ ਰਹੇ ਹਨ।
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਨੇ ਅੱਗੇ ਦੱਸਿਆ ਕਿ ਇਨ੍ਹਾਂ ਇੰਸਟੀਚਿਊਟਸ ਨੂੰ ਬ੍ਰਿਗੇਡੀਅਰ ਸਤਿੰਦਰ ਸਿੰਘ ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਪੰਜਾਬ ਦੇ ਸਰਪ੍ਰਸਤ ਹੋਣ ਦਾ ਮਾਣ ਹੈ ਕਿਉਂਕਿ ਉਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਨੇ ਪੰਜਾਬ ਦੇ ਲਗਭਗ 10 ਜਿਲਿ੍ਹਆਂ ਵਿੱਚ ਰੈਗੂਲਰ ਕਾਲਜ/ਇੰਸਟੀਚਿਊਟਸ ਨੂੰ ਸ਼ੁਰੂ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਅਤੇ ਫੌਜੀਆਂ ਦੇ ਬੱਚਿਆਂ ਲਈ ਚੱਲ ਰਹੀ ਇਸ ਮੁਹਿੰਮ ਨੂੰ ਕਾਮਯਾਬ ਬਣਾਇਆ। ਉਨ੍ਹਾਂ ਦੱਸਿਆ ਕਿ ਇਥੇ ਬੱਚਿਆਂ ਨੂੰ ਲਗਭਗ ਮੁਫਤ ਕੰਪਿਊਟਰ ਪ੍ਰੋਫੈਸ਼ਨਲ ਟ੍ਰੇਨਿੰਗ ਦਿੱਤੀ ਜਾਂਦੀ ਹੈ ,ਜਿਸ ਵਿੱਚ ਬੀ.ਐਸ.(ਆਈ.ਟੀ.),ਪੀ.ਜੀ.ਡੀ.ਸੀ.ਏ. ਅਤੇ ਐਮ.ਐਸ. (ਆਈ.ਟੀ.) ਰੈਗੂਲਰ ਕੋਰਸ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 94642-44007 ’ਤੇ ਸੰਪਰਕ ਕੀਤਾ ਜਾ ਸਕਦਾ ਹੈ।