ਫਗਵਾੜਾ 12 ਮਾਰਚ (ਸ਼਼ਿਵ ਕੋੋੜਾ) ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਕਾਰਪੋਰੇਸ਼ਨ ਫਗਵਾੜਾ ਉਪਰ ਸਿਆਸੀ ਦਬਾਅ ਹੇਠ ਪਹਿਚਾਨ ਨਗਰ ਅਤੇ ਬਸੰਤ ਨਗਰ ਦੀਆਂ ਗਲੀਆਂ ਦੀ ਉਸਾਰੀ ਲਈ ਟੈਂਡਰ ਨਾ ਲਗਾਉਣ ਦਾ ਦੋਸ਼ ਲਾਉਂਦਿਆਂ ਅੱਜ ਇੱਥੇ ਕਿਹਾ ਕਿ ਫਗਵਾੜਾ ਕਾਰਪੋਰੇਸ਼ਨ ਦੀ ਕਾਰਗੁਜਾਰੀ ਵਿਕਾਸ ਕਾਰਜਾਂ ਨੂੰ ਲੈ ਕੇ ਪੱਖਪਾਤ ਪੂਰਣ ਹੈ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੇ ਯਤਨਾ ਸਦਕਾ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਰੀਬ ਛੇ ਮਹੀਨੇ ਪਹਿਲਾਂ ਸ਼ਹਿਰ ਦੇ ਮੁਹੱਲਾ ਬਸੰਤ ਨਗਰ ਅਤੇ ਮੁਹੱਲਾ ਪਹਿਚਾਨ ਨਗਰ ਵਿਖੇ ਗਲੀਆਂ ਦੀ ਉਸਾਰੀ ਲਈ 18 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ ਜੋ ਕਾਰਪੋਰੇਸ਼ਨ ਫਗਵਾੜਾ ਨੂੰ ਪ੍ਰਾਪਤ ਹੋ ਚੁੱਕੀ ਹੈ। ਇਸ ਗ੍ਰਾਂਟ ਵਿਚ ਬਸੰਤ ਨਗਰ ਲਈ 12.50 ਲੱਖ ਰੁਪਏ ਅਤੇ ਪਹਿਚਾਨ ਨਗਰ ਲਈ 5.50 ਲੱਖ ਰੁਪਏ ਦੀ ਗਰ੍ਰਾਂਟ ਸ਼ਾਮਲ ਹੈ। ਪਰ ਹੁਣ ਤਕ ਫਗਵਾੜਾ ਕਾਰਪੋਰੇਸ਼ਨ ਨੇ ਟੈਂਡਰ ਨਹੀਂ ਲਗਾਇਆ ਹੈ। ਉਹਨਾਂ ਕਿਹਾ ਕਿ ਨਗਰ ਨਿਗਮ ਕਮੀਸ਼ਨਰ ਸ੍ਰੀ ਰਾਜੀਵ ਵਰਮਾ ਬਾਰੇ ਸਭ ਨੂੰ ਪਤਾ ਹੈ ਕਿ ਉਹ ਸਿਰਫ ਐਮ.ਐਲ.ਏ. ਤੋਂ ਇਲਾਵਾ ਕਿਸੇ ਦਾ ਫੋਨ ਨਹੀਂ ਚੁੱਕਦੇ ਜਦਕਿ ਐਸ.ਈ. ਸਤੀਸ਼ ਕੁਮਾਰ ਵਲੋਂ ਵੀ ਟਾਲਮਟੋਲ ਕੀਤੀ ਜਾ ਰਹੀ ਹੈ। ਉਹਨਾਂ ਫਗਵਾੜਾ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਇਕ ਵਾਰ ਫਿਰ ਤਾੜਨਾ ਕਰਦਿਆਂ ਕਿਹਾ ਕਿ ਕਿਸੇ ਸਿਆਸੀ ਆਗੂ ਵਲੋਂ ਨਹੀਂ ਬਲਕਿ ਸਰਕਾਰ ਵਲੋਂ ਉਹਨਾਂ ਦੀ ਨਿਯੁਕਤੀ ਕੀਤੀ ਗਈ ਹੈ ਇਸ ਲਈ ਸ਼ਹਿਰ ਦੇ ਹਰ ਵਾਰਡ ਦਾ ਵਿਕਾਸ ਬਿਨਾਂ ਪੱਖਪਾਤ ਕਰਵਾਉਣਾ ਉਹਨਾਂ ਦੀ ਡਿਉਟ ਹੈ। ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਟੈਂਡਰ ਨਾ ਲਗਾਏ ਗਏ ਤਾਂ ਉਕਤ ਦੋਵੇਂ ਮੁਹੱਲਿਆਂ ਦੇ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।