ਜਲੰਧਰ, 17 ਫਰਵਰੀ
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਅੱਜ ਗਾਂਧੀ ਵਨਿਤਾ ਆਸ਼ਰਮ ਵਿਖੇ ਲੜਕੀਆਂ ਨੂੰ ਆਤਮ-ਰੱਖਿਆ ਦੀ ਸਿਖਲਾਈ ਦੇਣ ਲਈ ਇਕ ਵਿਸ਼ੇਸ਼ ਟਰੇਨਿੰਗ ਕੈਂਪ ਦਾ ਉਦਘਾਟਨ ਕੀਤਾ ਗਿਆ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ 25 ਦਿਨਾ ਕਰਾਟੇ ਸਿਖਲਾਈ ਕੈਂਪ ਲੜਕੀਆਂ ਵਿੱਚ ਸੁਰੱਖਿਆ ਅਤੇ ਵਿਸ਼ਵਾਸ ਦੀ ਭਾਵਨਾ ਪੈਦਾ ਕਰੇਗਾ। ਉਨ੍ਹਾਂ ਅੱਗੇ ਦੱਸਿਆ ਕਿ ਅਬਜ਼ਰਵੇਸ਼ਨ ਹੋਮ ਵਿੱਚ ਰਹਿਣ ਵਾਲੀਆਂ ਲੜਕੀਆਂ ਸਮੇਤ 50 ਲੜਕੀਆਂ ਨੂੰ ਪਹਿਲੇ ਬੈਚ ਲਈ ਚੁਣਿਆ ਗਿਆ ਹੈ ਅਤੇ ਜਲਦੀ ਹੀ ਹੋਰ ਬੈਚਾਂ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁਫ਼ਤ ਸਿਖਲਾਈ ਕੈਂਪ ਲਈ 16 ਤੋਂ 20 ਸਾਲ ਉਮਰ ਵਰਗ ਦੀਆਂ ਲੜਕੀਆਂ ਦੀ ਚੋਣ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਅਬਜ਼ਰਵੇਸ਼ਨ ਹੋਮ ਦੀਆਂ ਲੜਕੀਆਂ ਨੂੰ ਦੂਜੀਆਂ ਲੜਕੀਆਂ ਦੇ ਬਰਾਬਰ ਮੌਕੇ ਮਿਲਣਾ ਯਕੀਨੀ ਬਣਾਉਣਾ ਪ੍ਰਸ਼ਾਸਨ ਦਾ ਨੈਤਿਕ ਫਰਜ਼ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਲੜਕੀਆਂ ਵਿੱਚ ਬੇਮਿਸਾਲ ਵਿਸ਼ਵਾਸ ਤੇ ਸਮਰੱਥਾ ਹੈ ਅਤੇ ਜੇਕਰ ਇਨ੍ਹਾਂ ਨੂੰ ਇੱਕ ਮੌਕਾ ਦਿੱਤਾ ਜਾਵੇ ਤਾਂ ਇਹ ਜ਼ਿੰਦਗੀ ਵਿੱਚ ਨਵੀਆਂ ਬੁਲੰਦੀਆਂ ਨੂੰ ਛੋਹ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਕੈਂਪ ਇਨ੍ਹਾਂ ਦੀਆਂ ਇੱਛਾਵਾਂ ਨੂੰ ਖੰਭ ਦੇਵੇਗਾ ਅਤੇ ਇਨ੍ਹਾਂ ਨੂੰ ਸਫਲਤਾ ਦੀ ਨਵੀਂ ਇਬਾਰਤ ਲਿਖਣ ਦੇ ਸਮਰੱਥ ਬਣਾਏਗਾ।ਇਸ ਦੌਰਾਨ ਉਨ੍ਹਾਂ ਪਹਿਲੇ ਬੈਚ ਦੀਆਂ ਕੁਝ ਪ੍ਰਤੀਭਾਗੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਕਰਾਟੇ ਸਿਖਲਾਈ ਕੈਂਪ ਬਾਰੇ ਉਨ੍ਹਾਂ ਦੀ ਪ੍ਰਤੀਕਿਰਿਆ ਜਾਣੀ । ਉਨ੍ਹਾਂ ਲੜਕੀਆਂ ਨੂੰ ਇਸ ਮਹੱਤਵਪੂਰਣ ਹੁਨਰ ਨੂੰ ਸਾਵਧਾਨੀ ਨਾਲ ਸਿੱਖਣ ਦੀ ਅਪੀਲ ਕੀਤੀ ਕਿਉਂਕਿ ਇਹ ਉਨ੍ਹਾਂ ਵਿੱਚ ਉੱਚ ਪੱਧਰੀ ਵਿਸ਼ਵਾਸ ਪੈਦਾ ਕਰਨ ਦੇ ਨਾਲ ਉਨ੍ਹਾਂ ਨੂੰ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਬਣਾਵੇਗਾ। ਉਨ੍ਹਾਂ ਇਸ 25 ਦਿਨਾ ਸਿਖਲਾਈ ਦੇ ਪਾਠਕ੍ਰਮ ਬਾਰੇ ਜਾਣਕਾਰੀ ਵੀ ਹਾਸਲ ਕੀਤੀ ਅਤੇ ਕੋਚ ਨੂੰ ਪ੍ਰਤੀਭਾਗੀਆਂ ਨੂੰ ਸਰਬਓਤਮ ਸਿਖਲਾਈ ਦੇਣ ਦੇ ਨਿਰਦੇਸ਼ ਦਿੱਤੇ।ਇਸ ਮੌਕੇ ਡੀਪੀਓ ਗੁਰਮਿੰਦਰ ਸਿੰਘ ਰੰਧਾਵਾ, ਜ਼ਿਲ੍ਹਾ ਬਾਲ ਅਤੇ ਸੁਰੱਖਿਆ ਅਫ਼ਸਰ ਅਜੈ ਭਾਰਤੀ, ਲੀਗਲ ਪ੍ਰੋਬੇਸ਼ਨ ਅਫ਼ਸਰ ਸੰਦੀਪ ਕੁਮਾਰ, ਹਰਨੀਤ ਕੌਰ, ਬਾਲ ਭਲਾਈ ਕਮੇਟੀ ਮੈਂਬਰ ਅਮਰਜੀਤ ਸਿੰਘ ਆਨੰਦ ਅਤੇ ਹੋਰ ਮੌਜੂਦ ਸਨ।