ਜਲੰਧਰ (14-02-2022): ਸਿਹਤ ਵਿਭਾਗ ਪੰਜਾਬ ਅਤੇ ਕ੍ਰਸਨਾ ਡਾਇਗਨੋਸਟਿਕ ਲਿਮਿਟਿਡ ਵਲੋਂ ਲੋਕਾਂ ਲਈ ਕਿਫਾਇਤੀ ਅਤੇ ਚੰਗੇ ਮਿਆਰ ਵਾਲੇ ਲੈਬ ਟੈਸਟ, ਸੀ.ਟੀ. ਸਕੈਨ, ਐਮ.ਆਰ.ਆਈ. ਦੀਆਂ ਸੇਵਾਵਾਂ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਸਿਵਲ ਹਸਪਤਾਲ ਜਲੰਧਰ ਵਿੱਚ ਨਵੇਂ ਬਣੇ ਕ੍ਰਸਨਾ ਡਾਇਗਨੋਸਟਿਕ ਸੈਂਟਰ ਵਿਖੇ ਦਿੱਤੀਆਂ ਜਾ ਰਹੀਆਂ ਹਨ। ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਅਤੇ ਐਮ.ਐਸ. ਸਿਵਲ ਹਸਪਤਾਲ ਜਲੰਧਰ ਡਾ. ਕਮਲ ਸਿੱਧੂ ਵਲੋਂ ਸੋਮਵਾਰ ਨੂੰ ਕ੍ਰਸਨਾ ਡਾਇਗਨੋਸਟਿਕ ਸੈਂਟਰ ਦਾ ਜਾਇਜਾ ਲਿਆ ਗਿਆ। ਇਸ ਦੌਰਾਨ ਅੰਕੁਰ ਸ਼ਰਮਾ ਸੈਂਟਰ ਹੈਡ ਕ੍ਰਸਨਾ ਡਾਇਗਨੋਸਟਿਕ ਲਿਮਿਟੇਡ ਵਲੋਂ ਸੈਂਟਰ ਵਿੱਚ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੌਰ ਥਿੰਦ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਸਹਾਇਕ ਸਿਹਤ ਅਫ਼ਸਰ ਡਾ. ਟੀ.ਪੀ. ਸਿੰਘ, ਡੀ.ਡੀ.ਐਚ.ਓ. ਡਾ. ਬਲਜੀਤ ਰੂਬੀ, ਡਾ. ਗੁਰਮੀਤ ਲਾਲ, ਡਾ. ਸਤਿੰਦਰ ਬਜਾਜ, ਡਿਪਟੀ ਐਮ.ਈ.ਆਈ.ਓ. ਪਰਮਜੀਤ ਕੌਰ, ਬੀ.ਈ.ਈ. ਰਾਕੇਸ਼ ਸਿੰਘ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੀਰਜ ਸ਼ਰਮਾ ਮੌਜੂਦ ਸਨ।

ਇਸ ਦੌਰਾਨ ਸਿਵਲ ਸਰਜਨ ਡਾ. ਰਣਜੀਤ ਸਿੰਘ ਵਲੋਂ ਦੱਸਿਆ ਗਿਆ ਕਿ ਸਿਹਤ ਵਿਭਾਗ ਅਤੇ ਕ੍ਰਸਨਾ ਡਾਇਗਨੋਸਟਿਕ ਲਿਮਿਟਿਡ ਵਲੋਂ “ਆਓ ਕੁਝ ਚੰਗਾ ਕਰੀਏ” ਦੇ ਮਨੋਰਥ ਨਾਲ ਸਿਵਲ ਹਸਪਤਾਲ ਜਲੰਧਰ ਵਿਖੇ ਸਥਾਪਤ ਕੀਤੇ ਗਏ ਡਾਇਗਨੋਸਟਿਕ ਸੈਂਟਰ ਵਿੱਚ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਲੋਕਾਂ ਨੂੰ ਸੀਮਿਤ ਰੇਟਾਂ ‘ਤੇ ਲੈਬ ਟੈਸਟ ਅਤੇ ਸੀ.ਟੀ. ਸਕੈਨ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸਦੇ ਨਾਲ ਹੀ ਡਾਇਗਨੋਸਟਿਕ ਇਕਯੂਪਮੈਂਟ ਆਧੁਨਿਕ ਤਕਨੀਕ ਨਾਲ ਲੈਸ ਹਨ ਅਤੇ ਇਸ ਸੈਂਟਰ ਵਿਖੇ ਐਮ.ਆਰ.ਆਈ. ਦੀ ਸੇਵਾ ਵੀ ਜਲਦ ਹੀ ਸ਼ੁਰੂ ਹੋਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਅਤੇ ਡਾਇਗਨੋਸਟਿਕ ਸੈਂਟਰ ਦਰਮਿਆਨ 12 ਸਾਲ ਦਾ ਐਮ.ਓ.ਯੂ. ਸਾਈਨ ਹੋਇਆ ਹੈ, ਜਿਸਦੇ ਆਧਾਰ ‘ਤੇ ਸੈਂਟਰ ਵਲੋਂ ਲੋਕਾਂ ਨੂੰ ਨਿਰਧਾਰਤ ਨਿਯਮਾਂ ਮੁਤਾਬਕ ਸੇਵਾਵਾਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜਲੰਧਰ ਜਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਸੰਸਥਾਵਾਂ ਵਿੱਚ ਕ੍ਰਸਨਾ ਡਾਇਗਨੋਸ ਵਲੋਂ ਕਲੈਕਸ਼ਨ ਸੈਂਟਰ ਵੀ ਸਥਾਪਤ ਕੀਤੇ ਗਏ ਹਨ। ਜਿਨ੍ਹਾਂ ਵਿੱਚ ਐਸ.ਡੀ.ਐਚ. ਨਕੋਦਰ, ਐਸ.ਡੀ.ਐਚ. ਫਿਲੌਰ, ਸੀ.ਐਚ.ਸੀ. ਨੂਰਮਹਿਲ, ਸੀ.ਐਚ.ਸੀ. ਆਦਮਪੁਰ, ਸੀ.ਐਚ.ਸੀ. ਕਰਤਾਰਪੁਰ, ਸੀ.ਐਚ.ਸੀ. ਸ਼ਾਹਕੋਟ ਅਤੇ ਸੀ.ਐਚ.ਸੀ. ਕਾਲਾ ਬਕਰਾ ਸ਼ਾਮਲ ਹਨ।