ਫਗਵਾੜਾ 1 ਅਗਸਤ (ਸ਼ਿਵ ਕੋੜਾ) ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਸਥਾਪਤ ਜਿਲ੍ਹੇ ਦੇ ਪਹਿਲੇ ਪੀ.ਐਸ.ਏ. ਅਧਾਰਤ ਆਕਸੀਜਨ ਪਲਾਂਟ ਦਾ ਅੱਜ ਸਾਬਕਾ ਕੈਬਿਨੇਟ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਜਾਇਜਾ ਲਿਆ। ਇਸ ਦੌਰਾਨ ਐਸ.ਐਮ.ਓ. ਡਾ. ਲੈਂਬਰ ਰਾਮ ਨੇ ਜੋਗਿੰਦਰ ਸਿੰਘ ਮਾਨ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪਲਾਂਟ 500 ਲੀਟਰ ਪ੍ਰਤੀ ਆਕਸੀਜਨ ਮਿਨਟ ਪੈਦਾ ਕਰੇਗਾ ਜਿਸਦੀ ਸਪਲਾਈ ਹਸਪਤਾਲ ਨੂੰ ਹੋਵੇਗੀ। ਜੇਕਰ ਕੋਵਿਡ-19 ਦੀ ਸੰਭਾਵਿਤ ਤੀਸਰੀ ਲਹਿਰ ਦੀ ਸਥਿਤੀ ਆਈ ਤਾਂ ਹਸਪਤਾਲ ਵਿਖੇ ਉਪਚਾਰ ਲਈ ਆਉਣ ਵਾਲੇ ਰੋਗੀਆਂ ਨੂੰ ਇਸ ਨਾਲ ਕਾਫੀ ਰਾਹਤ ਮਿਲੇਗੀ ਅਤੇ ਸਥਿਤੀ ਤੇ ਅਸਾਨੀ ਨਾਲ ਕਾਬੂ ਪਾ ਲਿਆ ਜਾਵੇਗਾ। ਜੋਗਿੰਦਰ ਸਿੰਘ ਮਾਨ ਨੇ ਇਸ ਪਲਾਂਟ ਨੂੰ ਲਗਾਉਣ ਵਿਚ ਆਈ.ਟੀ.ਸੀ. ਤੋਂ ਇਲਾਵਾ ਜੀ.ਐਨ.ਏ. ਐਕਸਲ ਤੇ ਜੀ.ਐਨ.ਏ. ਯੂਨੀਵਰਸਿਟੀ ਦੇ ਗੁਰਦੀਪ ਸਿੰਘ ਵਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਸੂਬੇ ਵਿਚ ਸਿਹਤ ਸੁਵਿਧਾਵਾਂ ਬਿਹਤਰ ਬਨਾਉਣ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਵੀ ਕੋਰੋਨਾ ਨਾਲ ਨਜਿੱਠਣ ਦੀ ਕਾਰਗਰ ਰਣਨੀਤੀ ਬਣਾਈ ਗਈ ਹੈ। ਉਹਨਾਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਪੰਜਾਬ ਸਮੇਤ ਦੁਨੀਆ ਭਰ ਨੂੰ ਕੋਰੋਨਾ ਦੀ ਤੀਸਰੀ ਲਹਿਰ ਦਾ ਪ੍ਰਕੋਪ ਨਾ ਦੇਖਣਾ ਪਵੇ ਪਰ ਨਾਲ ਹੀ ਕਿਹਾ ਕਿ ਜੇਕਰ ਕੁਦਰਤ ਨੇ ਤੀਸਰੀ ਲਹਿਰ ਦਾ ਰੰਗ ਦਿਖਾਇਆ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ ਇਸ ਲਈ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ। ਉਹਨਾਂ ਹਸਪਤਾਲ ਦੇ ਪ੍ਰਬੰਧਾਂ ਦਾ ਜਾਇਜਾ ਲਿਆ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਹੈਲਥ ਇੰਸਪੈਕਟਰ ਕਮਲਜੀਤ ਸਿੰਘ, ਡਾ. ਐਸ.ਪੀ. ਸਿੰਘ, ਡਾ. ਪ੍ਰਭਜੋਤ ਕੌਰ ਤੋਂ ਇਲਾਵਾ ਹਸਪਤਾਲ ਦਾ ਸਮੂਹ ਸਟਾਫ ਹਾਜਰ ਸਨ।