ਜਲੰਧਰ 29 ਅਗਸਤ 2020
ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਵਿਖੇ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾ ਕੇ ਕੋਵਿਡ-19 ਕਰਕੇ ਹੋਣ ਵਾਲੀ ਮੌਤ ਦਰ ਨੂੰ ਘੱਟ ਕਰਨ ਦੇ ਮੰਤਵ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਈ.ਸੀ.ਯੂ. ਵਿਖੇ ਦੋ ਹੋਰ ਹਾਈ ਫਲੋ ਨੈਸੇਲ ਆਕਸੀਜਨ ਮਸ਼ੀਨਾਂ ਲਗਾਈਆਂ ਗਈਆਂ ਹਨ ਤਾਂ ਜੋ ਕੋਵਿਡ-19 ਦੇ ਜਿਨਾਂ ਗੰਭੀਰ ਮਰੀਜ਼ਾ ਨੂੰ ਸਾਹ ਲੈਣ ਵਿੱਚ ਜ਼ਿਆਦਾ ਸਮੱਸਿਆ ਆ ਰਹੀ ਹੈ, ਉਨ੍ਹਾਂ ਦੀ ਜਲਦੀ ਤੰਦਰੁਸਤੀ ਨੂੰ ਯਕੀਨੀ ਬਣਾਇਆ ਜਾ ਸਕੇ। ਹੁਣ ਸਿਵਲ ਹਸਪਤਾਲ ਵਿਖੇ ਅਜਿਹੀਆਂ ਚਾਰ ਮਸ਼ੀਨਾਂ ਸਥਾਪਿਤ ਹੋ ਚੁੱਕੀਆਂ ਹਨ, ਜਿਹੜੀਆਂ ਕਿ ਕੋਰੋਨਾ ਵਾਇਰਸ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਵਿਅਕਤੀਆਂ ਲਈ ਲਾਭਦਾਇਕ ਸਾਬਿਤ ਹੋਣਗੀਆਂ ਅਤੇ ਇਕ ਮਸ਼ੀਨ ਦੀ ਕੀਮਤ ਕਰੀਬ 1.6 ਲੱਖ ਰੁਪਏ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੋਵਿਡ-19 ਦੇ ਲੈਵਲ-3 ਦੇ ਮਰੀਜ਼ਾਂ ਜਿਨ੍ਹਾਂ ਨੂੰ ਵਾਧੂ ਆਕਸੀਜਨ ਦੀ ਲੋੜ ਹੁੰਦੀ ਹੈ ਅਤੇ ਇਹ ਹਾਈ ਫਲੋ ਨੈਸੇਲ ਆਕਸੀਜਨ ਮਸ਼ੀਨਾਂ ਇਸ ਦਾ ਸਭ ਤੋਂ ਵਧੀਆ ਹੱਲ ਹਨ, ਜਿਹੜੀਆਂ ਕਿ ਵੱਡੀ ਮਾਤਰਾ ਵਿੱਚ ਆਕਸੀਜਨ ਨੂੰ ਰੱਖਦੀਆਂ ਹਨ। ਉਨ੍ਹਾਂ ਦੱਸਿਆ ਕਿ ਗੰਭੀਰ ਸਮੱਸਿਆ ਵਾਲੇ ਮਰੀਜ਼ਾਂ ਵਲੋਂ ਇਨ੍ਹਾਂ ਮਸ਼ੀਨਾਂ ਪ੍ਰਤੀ ਚੰਗਾ ਹੁੰਗਾਰਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਸਿਹਤ ਵਿੱਚ ਵੀ ਸੁਧਾਰ ਆਇਆ ਹੈ। ਥੋਰੀ ਨੇ ਦੱਸਿਆ ਕਿ ਇਕ ਹਾਈ ਫਲੋ ਨੈਸੇਲ ਆਕਸੀਜਨ ਮਸ਼ੀਨ ਇਕ ਮਿੰਟ ਵਿੱਚ ਮਰੀਜ਼ਾਂ ਨੂੰ 60 ਲੀਟਰ ਆਕਸੀਜਨ ਸਪਲਾਈ ਕਰਦੀ ਹੈ ਅਤੇ ਇਸ ਮਸ਼ੀਨ ਦੀ ਵਰਤੋਂ ਕਰਨੀ ਵੀ ਬਹੁਤ ਅਸਾਨ ਹੈ ਜਦਕਿ ਵੈਂਟੀਲੇਟਰ ਨੂੰ ਚਲਾਉਣ ਲਈ ਬਹੁਤ ਹੀ ਤਜਰਬੇਕਾਰ ਸਿਹਤ ਅਮਲੇ ਦੀ ਲੋੜ ਹੁੰਦੀ ਹੈ। ਥੋਰੀ ਨੇ ਦੱਸਿਆ ਕਿ ਐਚ.ਐਫ.ਐਨ.ਓ. ਮਸ਼ੀਨ ਸਰੀਰ ਨੂੰ ਗਰਮ ਅਤੇ ਨਮੀ ਭਰਪੂਰ ਆਕਸੀਜਨ ਸਪਲਾਈ ਕਰਦੀ ਹੈ, ਜੋ ਕਿ ਸਰੀਰ ਦੇ ਤਾਪਮਾਨ ਨੂੰ ਸਹੀ ਬਣਾਈ ਰੱਖਣ ਅਤੇ ਸਾਹ ਪ੍ਰਣਾਲੀ ਨੂੰ ਸਾਫ਼ ਕਰਨ ਵਿੱਚ ਬਹੁਤ ਸਹਾਈ ਹੈ ,ਜਿਸ ਨਾਲ ਮਰੀਜ਼ਾਂ ਨੂੰ ਸਕੂਨ ਮਹਿਸੂਸ ਹੁੰਦਾ ਹੈ। ਥੋਰੀ ਨੇ ਦੱਸਿਆ ਕਿ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਦੇ ਆਈ.ਸੀ.ਯੂ. ਵਿਖੇ ਕੋਵਿਡ ਤੋਂ ਪ੍ਰਭਾਵਿਤ ਲੈਵਲ-3 ਦੇ ਮਰੀਜ਼ਾਂ ਲਈ 56 ਬੈਡ ਹਨ। ਉਨ੍ਹਾਂ ਦੱਸਿਆ ਕਿ ਹਾਈ ਫਲੋ ਨੈਸੇਲ ਆਕਸੀਜਨ ਮਸ਼ੀਨਾਂ ਤੋਂ ਇਲਾਵਾ ਕੋਵਿਡ ਦੇ ਗੰਭੀਰ ਮਰੀਜ਼ਾਂ ਨੂੰ ਬਹਿਤਰ ਇਲਾਜ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਮਲਟੀ ਪੈਰਾ ਮੌਨੀਟਰ, ਪਲਸ ਔਕਸੀਮੀਟਰ, ਇੰਫਿਊਜ਼ਨ ਪੰਪ, ਸਕਸ਼ਨ ਮਸ਼ੀਨਾਂ ਅਤੇ ਹੋਰ ਮੈਡੀਕਲ ਸਾਜੋ-ਸਮਾਨ ਸਿਵਲ ਹਸਪਤਾਲ ਲਈ ਖ਼ਰੀਦ ਕੀਤਾ ਗਿਆ ਹੈ। ਥੋਰੀ ਨੇ ਦੱਸਿਆ ਕਿ ਬਜ਼ੁਰਗਾਂ ਅਤੇ ਪਹਿਲਾਂ ਤੋਂ ਹੀ ਗੰਭੀਰ ਬਿਮਾਰੀਆਂ ਵਾਲੇ ਮਰੀਜ਼ਾਂ ਦੀ ਪਹਿਲ ਦੇ ਅਧਾਰ ’ਤੇ ਦੇਖਭਾਲ ਕਰਨ ਦੀ ਲੋੜ ਹੈ ਕਿਉਂਕਿ ਇਨ੍ਹਾਂ ਵਿੱਚ ਇਸ ਬਿਮਾਰੀ ਤੋਂ ਪ੍ਰਭਾਵਿਤ ਹੋਣ ਦਾ ਜੋਖ਼ਿਮ ਜ਼ਿਆਦਾ ਬਣਿਆ ਰਹਿੰਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਬਿਮਾਰੀ ਦੇ ਲੱਛਣਾਂ ਨੂੰ ਹਲਕੇ ਵਿੱਚ ਨਾ ਲਿਆ ਜਾਵੇ ਅਤੇ ਲੱਛਣ ਦਿਖਾਈ ਦੇਣ ’ਤੇ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਥੋਰੀ ਨੇ ਕਿਹਾ ਕਿ ਜਿਲ੍ਹਾ ਵਾਸੀਆ ਨੂੰ ਜ਼ਿਆਦਾ ਕੇਸ ਸਾਹਮਣੇ ਆਉਣ ਕਰਕੇ ਘਬਰਾਉਣ ਦੀ ਲੋੜ ਨਹੀਂ ਹੈ , ਕਿਉਂਕਿ ਇਹ ਕੇਸ ਵੱਡੇ ਪੱਧਰ ’ਤੇ ਟੈਸਟ ਕਰਨ ਕਰਕੇ ਸਾਹਮਣੇ ਆ ਰਹੇ ਹਨ।