ਫਗਵਾੜਾ 31 ਮਾਰਚ (ਸ਼਼ਿਵ ਕੋੋੜਾ) ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਸਦਕਾ ਪ੍ਰੇਮ ਨਗਰ ਸੇਵਾ ਸੁਸਾਇਟੀ ਵਲੋਂ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਨਾਉਣ ਦਾ 12ਵਾਂ ਕੈਂਪ ਸੀਨੀਅਰ ਸਿਟੀਜਨ ਕੇਅਰ ਸੈਂਟਰ ਖੇੜਾ ਰੋਡ ਫਗਵਾੜਾ ਵਿਖੇ ਲਗਾਇਆ ਗਿਆ ਜਿਸਦਾ ਰਸਮੀ ਉਦਘਾਟਨ ਸੁਤੰਤਰਤਾ ਸੇਨਾਨੀ ਡਾ. ਪ੍ਰੇਮ ਸਾਗਰ ਨੇ ਕੀਤਾ। ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਅਤੇ ਸਕੱਤਰ ਸੁਰਿੰਦਰ ਪਾਲ ਤੋਂ ਇਲਾਵਾ ਮੁੱਖ ਸਹਿਯੋਗੀ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਾਰਡ ਨੰਬਰ 37 ਦੇ ਲੋੜਵੰਦਾਂ ਦੀ ਸੇਵਾ ਵਿਚ ਅੱਜ 12ਵਾਂ ਕੈਂਪ ਲਗਾਇਆ ਗਿਆ ਹੈ। ਪੰਜਾਬ ਸਰਕਾਰ ਵਲੋਂ ਹਰ ਗਰੀਬ ਵਿਅਕਤੀ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਲਈ ਵਿਸ਼ੇਸ਼ ਕੈਂਪ ਲਗਾ ਕੇ ਕਾਰਡ ਬਣਵਾਏ ਜਾ ਰਹੇ ਹਨ। ਇਸ ਯੋਜਨਾ ਤਹਿਤ ਸਰਕਾਰੀ ਅਤੇ ਭਾਰਤ ਸਰਕਾਰ ਵਲੋਂ ਮਾਨਤਾ ਪ੍ਰਾਪਤ ਹਸਪਤਾਲਾਂ ਵਿਚ ਪੰਜ ਲੱਖ ਰੁਪਏ ਤੱਕ ਦੇ ਇਲਾਜ ਦੀ ਫਰੀ ਸੁਵਿਧਾ ਪ੍ਰਦਾਨ ਕੀਤੀ ਜਾਂਦੀ ਹੈ ਜੋ ਕਿ ਗਰੀਬ ਅਤੇ ਲੋੜਵੰਦਾਂ ਲਈ ਬਹੁਤ ਹੀ ਲਾਹੇਵੰਦ ਹੈ। ਮਲਕੀਅਤ ਸਿੰਘ ਰਘਬੋਤਰਾ ਨੇ ਸਿਹਤ ਵਿਭਾਗ ਤੋਂ ਮੰਗ ਕੀਤੀ ਕਿ ਲਾਭਪਾਤਰੀਆਂ ਦਾ ਡਾਟਾ ਅਪਲੋਡ ਕੀਤਾ ਜਾਵੇ ਤਾਂ ਜੋ ਲੋੜਵੰਦ ਇਸ ਸਕੀਮ ਦਾ ਲਾਭ ਉਠਾ ਸਕਣ। ਕੈਂਪ ਦੌਰਾਨ ਵਿਸ਼ੇਸ਼ ਤੌਰ ਤੇ ਹਾਜਰ ਰਹੀ ਆਸ਼ਾ ਵਰਕਰ ਸ੍ਰੀਮਤੀ ਮੀਰਾ ਨੇ ਦੱਸਿਆ ਕਿ ਹਰ ਲੋੜਵੰਦ ਨੂੰ ਸਰਕਾਰ ਦੀ ਇਸ ਯੋਜਨਾ ਦਾ ਲਾਭ ਪਹੁੰਚਾਉਣ ਲਈ ਸਮਾਜ ਸੇਵੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਜੋ ਲੋੜਵੰਦ ਇਸ ਸਕੀਮ ਦਾ ਲਾਭ ਉਠਾ ਸਕਣ। ਇਸ ਮੌਕੇ ਸੁਸਾਇਟੀ ਦੇ ਫਾਈਨਾਂਸ ਸਕੱਤਰ ਵਿਸ਼ਵਾ ਮਿੱਤਰ ਸ਼ਰਮਾ, ਗੁਰਦੇਵ ਸਿੰਘ ਰਿਐਤ, ਅਸ਼ੋਕ ਝਾਂਜੀ, ਮੋਹਨ ਲਾਲ, ਰਾਮ ਰਤਨ ਵਾਲੀਆ, ਗਿਆਨ ਸਿੰਘ ਭੋਗਲ, ਰੂਪ ਲਾਲ, ਬਿ੍ਰਜ ਭੂਸ਼ਣ ਆਦਿ ਹਾਜਰ ਸਨ।