ਜਲੰਧਰ (01-12-2021) ਸਿਹਤ ਵਿਭਾਗ ਜਲੰਧਰ ਵਲੋਂ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਨਰਸਿੰਗ ਸਕੂਲ ਵਿਖੇ ਜਲੰਧਰ ਵਿਖੇ “ਵਿਸ਼ਵ ਏਡਜ਼ ਦਿਵਸ” ਸਬੰਧੀ ਜਿਲ੍ਹਾ ਪੱਧਰੀ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮੇਹਮਾਨ ਵਜੋਂ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਵੱਲੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਦੇ ਨਾਲ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਕਿਰਪਾਲ ਸਿੰਘ ਝੱਲੀ, ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਪਰਮਜੀਤ ਕੌਰ, ਜਿਲ੍ਹਾ ਬੀ.ਸੀ.ਜੀ. ਅਫ਼ਸਰ ਡਾ. ਜੋਤੀ, ਬੀ.ਈ.ਈ. ਮਾਨਵ ਸ਼ਰਮਾ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੀਰਜ ਸ਼ਰਮਾ ਮੌਜੂਦ ਸਨ। ਪ੍ਰਿੰਸੀਪਲ ਨਰਸਿੰਗ ਸਕੂਲ ਕੁਲਵਿੰਦਰ ਕੌਰ ਅਤੇ ਸਟਾਫ ਵਲੋਂ ਸਿਹਤ ਵਿਭਾਗ ਦੀ ਟੀਮ ਦਾ ਸਵਾਗਤ ਕੀਤਾ ਗਿਆ।
ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਵੱਲੋਂ “ਵਿਸ਼ਵ ਏਡਜ਼ ਦਿਵਸ” ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਾਲ ਦਾ ਥੀਮ “ਅਸਮਾਨਤਾ, ਏਡਜ਼ ਅਤੇ ਮਹਾਂਮਾਰੀ ਨੂੰ ਖਤਮ ਕਰਨਾ” ਰੱਖਿਆ ਗਿਆ ਹੈ। ਐਚ.ਆਈ.ਵੀ. ਦਾ ਵਾਇਰਸ ਮਰੀਜ਼ ਦੀ ਇਮਿਊਨ ਸਿਸਟਮ ‘ਤੇ ਹਮਲਾ ਕਰਦਾ ਹੈ ਤੇ ਹੋਰ ‘ਬਿਮਾਰੀਆਂ’ ਪ੍ਰਤੀ ਇਸ ਦੇ ਪ੍ਰਤੀਰੋਧ ਨੂੰ ਘਟਾ ਦਿੰਦਾ ਹੈ। ਸਿਵਲ ਸਰਜਨ ਵੱਲੋਂ ਏਡਜ਼ ਦੀ ਬਿਮਾਰੀ ਦੇ ਫੈਲਣ ਦੇ ਕਾਰਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਹ ਅਸੁੱਰਖਿਅਤ ਯੌਨ ਸਬੰਧ, ਦੂਸ਼ਿਤ ਸੂਈਆਂ ਤੇ ਸਰਿਜਾਂ ਦੀ ਵਰਤੋਂ, ਐਚ.ਆਈ.ਵੀ ਗ੍ਰਸਿਤ ਖੂਨ ਚੜਾਉਣ ਨਾਲ ਅਤੇ ਐਚ.ਆਈ.ਵੀ ਗ੍ਰਸਿਤ ਮਾਂ ਤੋਂ ਬੱਚੇ ਨੂੰ ਹੁੰਦਾ ਹੈ। ਉਨ੍ਹਾਂ ਵੱਲੋਂ ਏਡਜ਼ ਤੋਂ ਬਚਣ ਦੇ ਉਪਾਅ ਜਿਵੇਂ ਡਿਸਪੋਜ਼ਲ ਸੂਈਆਂ ਤੇ ਸਰਿਜਾਂ ਦੀ ਵਰਤੋਂ, ਨਿਰੋਧ ਦੀ ਵਰਤੋਂ ਅਤੇ ਮਨਜੂਰਸ਼ੁਦਾ ਬਲੱਡ ਬੈਂਕਾਂ ਤੋਂ ਲੈ ਕੇ ਹੀ ਖੂਨ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਵੱਲੋਂ ਦੱਸਿਆ ਗਿਆ ਕਿ ਏਡਜ਼ ਬਾਰੇ ਜਾਗਰੂਕਤਾ ਹੀ ਇਸ ਦੀ ਰੋਕਥਾਮ ਦਾ ਸਭ ਤੋਂ ਵਧੀਆ ਤਰੀਕਾ ਹੈ। ਵਿਸ਼ਵ ਏਡਜ਼ ਦਿਵਸ ਵਿਆਪਕ ਜਨਤਕ ਸਿਹਤ ਸਮੱਸਿਆ ਦੇ ਤੌਰ ’ਤੇ ਐਚ.ਆਈ.ਵੀ ਬਾਰੇ ਜਾਗਰੂਕਤਾ ਵਧਾਉਣ ਅਤੇ ਇਸ ਬਾਰੇ ਦਿੱਤੀ ਜਾ ਰਹੀ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਸਮਰਪਿਤ ਕੀਤਾ ਗਿਆ ਹੈ| ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਵੱਲੋਂ ਦੱਸਿਆ ਗਿਆ ਕਿ ਇਸ ਬਿਮਾਰੀ ਨੂੰ ਸਮਾਜ ਵਿੱਚੋਂ ਜੜ੍ਹੋਂ ਖਤਮ ਕਰਨ ਲਈ ਜਾਗਰੂਕਤਾ ਦੀ ਲੋੜ ਹੈ ਕਿਉਂਕਿ ਜਾਗਰੂਕਤਾ ਹੀ ਇਕ ਇਹੋ ਜਿਹਾ ਰਸਤਾ ਹੈ, ਜਿਸ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਲੋਕਾਂ ਨੂੰ ਐਚ.ਆਈ.ਵੀ ਸਬੰਧੀ ਜਾਗਰੂਕ ਹੋਣਾ ਬਹੁਤ ਜਰੂਰੀ ਹੈ। ਐਚ.ਆਈ.ਵੀ ਪੀੜਤ ਮਰੀਜ਼ ਨਾਲ ਦੋਸਤਾਨਾ ਵਿਵਹਾਰ ਕੀਤਾ ਜਾਵੇ।
ਸੈਮੀਨਾਰ ਦੌਰਾਨ ਨਰਸਿੰਗ ਸਟੂਡੈਂਟਸ ਵਿਕ੍ਰਮਜੀਤ, ਰਜਨੀ, ਹਰਸਿਮਰਨਜੀਤ ਕੌਰ ਅਤੇ ਨਵਦੀਪ ਕੌਰ ਵੱਲੋਂ ਏਡਜ਼ ਬਿਮਾਰੀ ਪ੍ਰਤੀ ਜਾਗਰੂਕਤਾ ਵਧਾਉਣ ਦੇ ਮਕਸਦ ਨਾਲ ਵੱਖ-ਵੱਖ ਤਰ੍ਹਾਂ ਦੇ ਚਾਰਟ ਪੇਸ਼ ਕੀਤੇ ਗਏ। ਸਿਵਲ ਸਰਜਨ ਵੱਲੋਂ ਚਾਰਟ ਤਿਆਰ ਕਰਨ ਲਈ ਨਰਸਿੰਗ ਸਟੂਡੈਂਟਸ ਦੀ ਸ਼ਲਾਘਾ ਕੀਤੀ ਗਈ। ਪ੍ਰਿੰਸੀਪਲ ਕੁਲਵਿੰਦਰ ਸਿੰਘ ਵਲੋਂ ਸਿਹਤ ਵਿਭਾਗ ਵਲੋਂ ਆਈ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਨਰਸਿੰਗ ਸਟੂਡੈਂਟਸ ਨੂੰ ਅਪੀਲ ਕੀਤੀ ਕਿ ਟੀਮ ਵਲੋਂ ਦਿੱਤੀ ਗਈ ਸਿਹਤ ਸਿੱਖਿਆ ਨੂੰ ਆਪ ਦੇ ਗੁਆਂਢ ਅਤੇ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਵੇ। ਇਸ ਮੌਕੇ ਮੈਡਮ ਵੀਰੋ, ਜਸਵੀਰ, ਪਰਮਿੰਦਰ, ਸੰਜੋਗਿਤਾ, ਦਰਸ਼ਨਾ, ਨਿਸ਼ਾ, ਰਵਿੰਦਰ, ਜਸਮੀਨ, ਰਵਿੰਦਰਪ੍ਰੀਤ ਕੌਰ, ਜਸਵੀਰ ਕੌਰ ਅਤੇ ਨਰਸਿੰਗ ਸਟੂਡੈਂਟਸ ਹਾਜਰ ਸਨ।