ਫਗਵਾੜਾ 19 ਅਗਸਤ (ਸ਼ਿਵ ਕੋੜਾ) ਬੀ. ਡੀ. ਪੀ. ਓ. ਸੁਖਦੇਵ ਸਿੰਘ ਫਗਵਾੜਾ ਨੇ ਸਮੂਹ ਪੰਚਾਇਤਾਂ ਨੂੰ ਇੱਕ ਪੱਤਰ ਜਾਰੀ ਕਰਦਿਆਂ ਕਿਹਾ ਕਿ ਕੋਵਿਡ – 19 ਦੇ ਮੱਦੇਨਜ਼ਰ ਰੱਖਦਿਆਂ ਸਿਹਤ ਵਿਭਾਗ ਵੱਲੋਂ ਜਾਰੀ ਸੈਪਲਿੰਗ ਪ੍ਰਕਿਰਿਆ ਤਹਿਤ ਰੂਰਲ ਏਰੀਏ ਵਿੱਚ ਸੈਪਲਿੰਗ ਲਈ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਸ਼ੱਕੀ ਮਰੀਜ਼ਾਂ ਦੀ ਪਹਿਚਾਣ ਕੀਤੀ ਜਾ ਸਕੇ । ਉਹਨਾਂ ਸਮੂਹ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਕਤ ਕੈਂਪਾਂ ਵਿੱਚ ਪੂਰਾ – ਪੂਰਾ ਸਹਿਯੋਗ ਦਿੱਤਾ ਜਾਵੇ ਅਤੇ ਉਕਤ ਕੈਂਪ ਦੌਰਾਨ ਪੰਚਾਇਤ ਮੈਂਬਰਾਂ, ਮਗਨਰੇਗਾ ਕਾਮਿਆਂ ਤੇ ਹੋਰਨਾਂ ਦੇ ਵੀ ਮੌਕੇ ‘ਤੇ ਹੀ ਟੈਸਟ ਕੀਤੇ ਜਾਣ ਤਾਂ ਜੋ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਿਆ ਜਾ ਸਕੇ । ਉਹਨਾਂ ਮਿਸ਼ਨ ਫਤਿਹ ਤਹਿਤ ਸੇਵਾਵਾਂ ਦੇ ਰਹੇ ਸਿਹਤ ਵਿਭਾਗ, ਪੁਲਿਸ ਪ੍ਰਸ਼ਾਸਨ , ਸਫਾਈ ਕਰਮਚਾਰੀਆਂ ਅਤੇ ਸਰਕਾਰੀ ਕਰਮਚਾਰੀਆਂ ਤੇ ਹੋਰਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਸਬ ਡਵੀਜ਼ਨ ਫਗਵਾੜਾ ਨੂੰ ਮੁਕਤ ਕਰਨ ਲਈ ਉਕਤ ਮੁਲਾਜ਼ਮ ਦਿਨ – ਰਾਤ ਲਗਾਤਾਰ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ, ਇਸ ਮੁਹਿੰਮ ਵਿੱਚ ਪੰਚਾਇਤਾਂ ਅਤੇ ਜਨਤਾ ਦਾ ਵੀ ਸਹਿਯੋਗ ਜਰੂਰੀ ਹੈ । ਉਹਨਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਬਹੁਤ ਹੀ ਜ਼ਰੂਰੀ ਹੋਵੇ ਤਾਂ ਹੀ ਘਰੋਂ ਬਾਹਰ ਮਾਸਕ ਪਾ ਕੇ ਨਿਕਲਿਆ ਜਾਵੇ, ਸਾਬਣ ਨਾਲ ਵਾਰ – ਵਾਰ ਹੱਥ ਧੋਣ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ, ਖੰਘ, ਬੁਖਾਰ, ਜੁਕਾਮ ਅਤੇ ਤੁਰਨ ਫਿਰਨ ਵਿੱਚ ਸਾਹ ਫੁਲਦਾ ਹੋਵੇ ਤਾਂ ਨਜਦੀਕੀ ਸਿਹਤ ਕੇਂਦਰ ਜਾਂ ਸਰਕਾਰੀ ਹਸਪਤਾਲ ਵਿੱਚ ਜਾ ਕੇ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਇਸ ਤੋਂ ਇਲਾਵਾ ਸਰਕਾਰੀ ਹਦਾਇਤਾਂ ਦੀ ਵੀ ਪਾਲਣਾ ਯਕੀਨੀ ਬਣਾਈ ਜਾਵੇ ਤਾਂ ਜੋ ਕੋਰੋਨਾ ਮਹਾਂਮਾਰੀ ਦੇ ਖਤਰੇ ਤੋਂ ਬਚਿਆ ਜਾ ਸਕੇ ।