ਸਤਿਗੁਰੂ ਨਾਨਕ ਦੇਵ ਜੀ ਉੱਤੇ ਸ਼ਰਧਾ ਰੱਖਣ ਵਾਲਾ ਹਰ ਪ੍ਰਾਣੀ “ਸਿੱਖ” ਹੈ, ਕਿਉਂਕਿ “ਸਿੱਖੀ” ਸ਼ਰਧਾ ਨਾਲ ਹੈ ; ਮੇਰੇ ਪ੍ਰਭਿ ਸਰਧਾ ਭਗਤਿ ਮਨਿ ਭਾਵੈ (ਮ:1) । ਸਿਰਫ ਮਨੁੱਖ ਹੀ ਨਹੀਂ, ਹਰ ਪ੍ਰਾਣੀ “ਸਿੱਖ”(ਸ਼ਿਸ਼ /ਮੁਰੀਦ) ਹੈ। ਜਿਸ ਸੱਪ ਨੇ ਗੁਰੂ ਜੀ ਉੱਤੇ ਛਾਂ ਕੀਤੀ ਸੀ, ਉਹ ਵੀ “ਸਿੱਖ” ਸੀ। ਸਾਰੇ ਗੁਰੂ ਨਾਨਕ ਨਾਮ ਲੇਵਾ (ਨਾਨਕ ਪੰਥੀਆਂ) ਨੂੰ ਮਿਲਾ ਕੇ ਹੀ ਸਮੁੱਚਾ ਸਿੱਖ ਪੰਥ ਬਣਦਾ ਹੈ। ਸਿੱਖ ਪੰਥ: ਸਿਰਫ “ਅੰਮ੍ਰਿਤਧਾਰੀ ਖਾਲਸੇ” ਹੀ ਨਹੀਂ; ਜਦ ਕਿ “ਅੰਮ੍ਰਿਤਧਾਰੀ ਖਾਲਸੇ” (ਖਾਲਸਾ ਪੰਥ) ਤਾਂ ਸਮੁੱਚੇ ਸਿੱਖ ਪੰਥ ਦਾ ਇੱਕ ਸ੍ਰੇਸ਼ਟ ਅੰਗ ਹਨ। ਭਾਈ ਘਨਈਆ, ਭਾਈ ਨੰਦਲਾਲ, ਦੀਵਾਨ ਟੋਡਰਮੱਲ ਆਦਿ ਸਿੱਖ; ਦਸਵੇਂ ਪਾਤਸ਼ਾਹ ਜੀ ਦੇ ਸਮੇਂ ਵੀ “ਅੰਮ੍ਰਿਤਧਾਰੀ”ਨਹੀਂ ਸਨ: ਪਰ ਉਹ ਵੀ ਮਹਾਨ ਸਿੱਖ ਸਨ। ਅੱਜ ਵੀ ਜੋ ਹਿੰਦੂ, ਮੁਸਲਮਾਨ, ਜੈਨ, ਬੁੱਧ ਆਦਿ ਗੁਰੂ ਜੀ ਉੱਤੇ ਸ਼ਰਧਾ ਰੱਖਦੇ ਹਨ, ਉਹ ਸਾਰੇ ਹੀ “ਨਾਨਕ ਪੰਥੀ” ਹਨ ਅਤੇ “ਸਿੱਖ” (ਸ਼ਿਸ਼ /ਮੁਰੀਦ) ਹਨ। ਕਿਉਂਕਿ, ਗੁਰੂ ਜੀ ਨੇ ਕੋਈ ਵੀ ਵੱਖਰਾ ਪੰਥ ਕਦੇ ਵੀ ਨਹੀਂ ਬਣਾਇਆ ਅਤੇ ਨਾ ਹੀ ਉਹਨਾਂ ਨੇ ਇਹ ਬਚਨ ਕੀਤਾ: “ਮੈਂ ਇਹ ਵੱਖਰਾ ਨਵਾਂ ਪੰਥ ਬਣਾ ਰਿਹਾ ਹਾਂ, ਇਸਦਾ ਨਾਮ “ਸਿੱਖ”(ਉ ) ਹੋਵੇਗਾ।
ਜੇਕਰ ਗੁਰੂ ਜੀ ਨੇ ਆਪਣਾ ਨਵਾਂ ਵੱਖਰਾ ਪੰਥ ਬਣਾ ਕੇ ਉਸ ਨੂੰ “ਸਿੱਖ” ਨਾਮ ਦਿੱਤਾ ਹੁੰਦਾ ਤਾਂ ਮੁਸਲਮਾਨਾਂ ਦੇ ਵੱਡੇ-ਵੱਡੇ ਪੀਰ: ਜਿਵੇਂ ਸਾਂਈ ਮੀਆਂ ਮੀਰ, ਪੀਰ ਬੁੱਧੂ ਸ਼ਾਹ ਆਦਿ; ਉਹ ਕਦੇ ਵੀ ਗੁਰੂ ਜੀ ਦੇ ਸ਼ਰਧਾਲੂ ਨਾ ਬਣਦੇ। ਜੇਕਰ ਗੁਰੂ ਜੀ ਨੇ ਵੱਖਰਾ ਪੰਥ ਬਣਾਇਆ ਹੁੰਦਾ, ਤਾਂ ‘ਪੀਰ ਭੀਖਣ ਸ਼ਾਹ’ ਦੋ ਕੁੱਜੀਆਂ ਦੀ ਥਾਂ, ਤਿੰਨ ਕੁੱਜੀਆਂ ਲੈ ਕੇ ਆਉਂਦਾ। ਪਰ, ਗੁਰੂ ਜੀ ਨੇ ਆਪਣਾ ਵੱਖਰਾਪਣ: ਵੱਖਰਾ ਧਰਮ, ਵੱਖਰਾ ਪੰਥ ਕਦੇ ਬਣਾਇਆ ਹੀ ਨਹੀਂ। ਗੁਰੂ ਜੀ ਨੇ ਕਰਾਮਾਤਾਂ ਵਿਖਾਈਆਂ ਅਤੇ ਸਾਂਝਾ ਸ਼ੁਭ ਉਪਦੇਸ਼ ਦਿੱਤਾ, ਤਾਂ ਹੀ:ਲਾਮੇ, ਹਿੰਦੂ, ਮੁਸਲਮਾਨ, ਬੋਧੀ ਆਦਿ ਸਾਰੇ ਹੀ ਸਤਿਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਸੇਵਕ ਬਣੇ। ਇਸ ਲਈ ਹਰ ‘ਗੁਰੂ ਨਾਨਕ ਨਾਮ ਲੇਵਾ ਸ਼ਰਧਾਲੂ’ “ਸਿੱਖ” ਹੈ। ਜੋ ਵੀ ਸਤਿਗੁਰੂ ਨਾਨਕ ਦੇਵ ਜੀ ਨੂੰ ਮੰਨਦਾ/ਸ਼ਰਧਾ ਰੱਖਦਾ ਹੈ ਅਤੇ ਉਹਨਾਂ ਦੇ ਗੱਦੀ-ਨਸ਼ੀਨ ਗੁਰੂ ਸਾਹਿਬਾਨਾਂ ਨੂੰ ਮੰਨਦਾ ਹੈ: ਭਾਵੇਂ ਉਹ ਇੱਕ ਨੂੰ ਮੰਨੇ ਜਾਂ ਬਹੁਤਿਆਂ ਨੂੰ ਮੰਨੇ; ਉਹ ਮਨੁੱਖ ਆਪਣੇ ਉਸੇ ਵਿਸ਼ਵਾਸ ਅਤੇ ਸ਼ਰਧਾ ਸਮੇਤ ਹੀ ਸਿੱਖ/ਸ਼ਿਸ਼ /ਮੁਰੀਦ ਹੈ। ਜਿਵੇਂ ਮੁਸਲਮਾਨ, ਧੀਰਮੱਲੀਏ, ਰਾਮਰਾਈਏ, ਸਹਿਜਧਾਰੀ, ਨਾਮਧਾਰੀ ਆਦਿ।
“ਗੁਰੂ ਨਾਨਕ ਪੰਥੀਆਂ” ਨੂੰ, ਉਹ ਜਿਸ ਵਿਸਵਾਸ਼ ਵਿਚ ਵੀ ਸਤਿਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਜਿੰਨੇ ਵੀ ਗੱਦੀ ਨਸ਼ੀਨਾਂ ਨੂੰ ਮੰਨਦੇ ਹਨ; ਉਹਨਾਂ ਸ਼ਰਧਾਲੂਆਂ ਨੂੰ, ਓਸੇ ਰੂਪ ਵਿਚ “ਨਾਨਕ ਪੰਥੀ” ਹੋਣ ਕਰਕੇ “ਸਿੱਖ” ਪ੍ਰਵਾਨ ਕਰਨਾ ਯੋਗ ਹੈ। ਜਿਵੇਂ ਕਿ ਉਦਾਸੀ: ਸਤਿਗੁਰੂ ਨਾਨਕ ਦੇਵ ਜੀ ਤੋਂ ਉਪਰੰਤ ਬਾਬਾ ਚੰਦ ਨੂੰ, ਧੀਰਮੱਲੀਏ: ਬਾਬਾ ਧੀਰਮੱਲ ਜੀ ਨੂੰ, ਰਾਮਰਾਈਏ: ਬਾਬਾ ਰਾਮਰਾਇ ਜੀ ਨੂੰ ਅਤੇ ਨਾਮਧਾਰੀਏ: ਸਤਿਗੁਰੂ ਰਾਮ ਸਿੰਘ ਜੀ ਨੂੰ ਮੰਨਦੇ ਹਨ। ਇਸੇ ਤਰ੍ਹਾਂ ਬਾਕੀ ਸੰਪਰਦਾਵਾਂ ਦੇ ਵੀ ਆਪੋ ਆਪਣੇ ਵਿਸ਼ਵਾਸ ਹਨ. ਉਹਨਾਂ ਦੇ ਵਿਸ਼ਵਾਸਾਂ ਨੂੰ ਓਸੇ ਤਰ੍ਹਾਂ ਹੀ ਪ੍ਰਵਾਨ ਕਰ ਲੈਣਾ ਚਾਹੀਦਾ ਹੈ ਅਤੇ ਕਿਸੇ ਵੀ ਸੰਪਰਦਾ ਨੂੰ ਆਪਣੇ ਵਿਸ਼ਵਾਸ, ਦੂਸਰੀ ਸੰਪਰਦਾ ਉੱਤੇ ਠੋਸਣੇ ਨਹੀਂ ਚਾਹੀਦੇ। ਜੇਕਰ ਅਸੀਂ ਇਸ ਉੱਤਮ ਅਤੇ ਵਿਸ਼ਾਲ ਸੋਚ ਨੂੰ ਅਪਣਾ ਲਈਏ, ਤਾਂ ਸਾਰੇ ਗੁਰੂ ਨਾਨਕ ਪੰਥੀਆਂ ਨੂੰ ਮਿਲਾ ਕੇ ਸਿੱਖ ਪੰਥ ਦੀ ਗਿਣਤੀ 50 ਕਰੋੜ ਤੋਂ ਵੱਧ ਹੋ ਜਾਵੇਗੀ। (ਕਿਉਂਕਿ, ਬਹੁਤ ਸਾਰੇ ਹਿੰਦੂ ਆਖੇ ਜਾਂਦੇ ਵੀਰ ਸਤਿਗੁਰੂ ਨਾਨਕ ਦੇਵ ਨੂੰ ਮੰਨਦੇ ਹਨ।)
ਸਤਿਗੁਰੂ ਨਾਨਕ ਦੇਵ ਜੀ ਦੀ ਰੰਗ ਬਿਰੰਗੀ ਫੁਲਵਾੜੀ ਦੇ ਰੰਗ ਬਿਰੰਗੇ ਫੁੱਲ; ਕਈ ਸੰਪਰਦਾਵਾਂ ਦੇ ਰੂਪ ਵਿਚ ਹਨ। ਕੁਝ “ਗੁਰੂ ਨਾਨਕ ਨਾਮ ਲੇਵਾ ਸੰਪਰਦਾਵਾਂ” ਦੇ ਨਾਮ ਹੇਠ ਲਿਖੇ ਹਨ, ਪਰ ਸਾਰੇ ਨਹੀਂ ਮਿਲੇ:
1) ਉਦਾਸੀ. 2) ਸਿੰਧੀ. 3) ਧੀਰਮੱਲੀਏ. 4) ਰਾਮਰਾਈਏ. 5) ਸਤਿ ਕਰਤਾਰੀਏ. 6) ਹਿੰਦਲੀਏ. 7) ਹੀਰਾ ਦਾਸੀਏ. 8) ਨਾਮਧਾਰੀ. 9) ਨਿਰੰਕਾਰੀ. 10) ਨਿਹੰਗ. 11) ਬੰਦਈ. 12) ਨਿਰਮਲੇ. 13) ਸੇਵਾ ਪੰਥੀ. 14) ਗਹਿਰ ਗੰਭੀਰੀਏ. 15) ਨੀਲਧਾਰੀ. 16) ਅਕਾਲੀ. 17) ਭਗਤਪੰਥੀ. 18)ਸਿਕਲੀਗਰ. 19) ਸਤਿਨਾਮੀ. 20) ਜੌਹਰੀ. 21) ਅਫਗਾਨੀ. 22) ਮਰਦਾਨੇ ਕੇ. 23) ਅਸਾਮੀ. 24) ਲਾਮੇ. 25) ਵਣਜਾਰੇ. 26)ਅਗਰਹਾਰੀ. 27) ਸਹਿਜਧਾਰੀ, ਆਦਿ।
ਵਿਸ਼ੇਸ਼ : ਇਹਨਾਂ ਸੰਪਰਦਾਵਾਂ ਦੇ ਵਿਸ਼ਵਾਸ, ਬਾਹਰਲੇ ਸਰੂਪ ਅਤੇ ਪ੍ਰੰਪਰਾਵਾਂ ਆਪੋ-ਆਪਣੀਆਂ, ਵੱਖੋ-ਵੱਖ ਹਨ। ਉਸ ਵਖਰੇਵੇਂ ਕਾਰਣ ਹੀ, ਸਤਿਗੁਰੂ ਨਾਨਕ ਦੇਵ ਜੀ ਦੀ ਫੁਲਵਾੜੀ ਰੰਗ-ਬਿਰੰਗੀ ਹੈ। ਉਸ ਰੰਗ-ਬਿਰੰਗੀ ਫੁਲਵਾੜੀ ਨੂੰ, ਰੰਗ ਬਿਰੰਗੀ ਹੀ ਰੱਖਣ ਦੀ ਲੋੜ ਹੈ।
(ਉ) ਸੰਸਕ੍ਰਿਤ ਦੇ “ਸ਼ਿਸ਼੍ਯ” ਸ਼ਬਦ ਤੋਂ ਪੰਜਾਬੀ ਦਾ ਸ਼ਬਦ “ਸਿੱਖ” ਬਣਿਆ ਹੈ। ਗੁਰੂ ਜੀ ਦੇ ਸ਼ਿਸ਼ /ਸਿੱਖ ਹੋਣ ਕਰਕੇ ਸਾਡਾ ਸਿੱਖ ਨਾਮ ਪ੍ਰਚੱਲਿਤ ਹੋ ਗਿਆ ਹੈ। ਜੋ ਕਿ ਸਹੀ ਹੈ, ਇਸ ਨਾਮ ਨੂੰ ਵਰਤਣਾ ਯੋਗ ਹੈ। ਅੱਜ ਸਾਰੇ ਸੰਸਾਰ ਵਿਚ ਸਿੱਖ ਨਾਮ ਵਾਲੇ ਧਰਮ/ਪੰਥ ਦਾ ਬੜਾ ਜਸ ਹੈ।