ਜਲੰਧਰ / ਫਿਲੌਰ 13 ਸਤੰਬਰ  :  ਕਮਿਊਨਿਸਟ ਅਤੇ ਖੇਤ ਮਜ਼ਦੂਰ ਆਗੂ ਕਾਮਰੇਡ ਰੌਣਕੀ ਰਾਮ ਫਿਲੌਰ ਦੀ 12ਵੀਂ ਬਰਸੀ ਦੇ ਮੌਕੇ ਤੇ ਸੀ.ਪੀ.ਆਈ. ( ਐੱਮ. ) ਦਫਤਰ ਫਿਲੌਰ ਵਿਖੇ ਪਾਰਟੀ ਦਾ ਲਾਲ ਝੰਡਾ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਲਹਿੰਬਰ ਸਿੰਘ ਤੱਗੜ ਵੱਲੋਂ ਲਹਿਰਾਇਆ ਗਿਆ  । ਇਸ ਮੌਕੇ ਸ਼ਰਧਾਂਜਲੀ ਸਮਾਗਮ ਦੀ ਪ੍ਰਧਾਨਗੀ ਕਾਮਰੇਡ ਸਰਦਾਰ ਮੁਹੰਮਦ ,  ਕਾਮਰੇਡ ਸੁਖਦੇਵ ਸਿੰਘ ਬਾਸੀ ਅਤੇ ਕਾਮਰੇਡ ਕਮਲਜੀਤ ਸਿੰਘ ਫਿਲੌਰ ਵੱਲੋਂ ਕੀਤੀ ਗਈ । ਹਿੰਦ ਕਮਿਊਨਿਸਟ ਪਾਰਟੀ ( ਮਾਰਕਸਵਾਦੀ ) ਜ਼ਿਲ੍ਹਾ ਜਲੰਧਰ – ਕਪੂਰਥਲਾ ਦੇ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ ਵੱਲੋਂ ਕਾਮਰੇਡ ਰੌਣਕੀ ਰਾਮ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ  ਹੋਏ ਦੱਸਿਆ ਕਿ ਉਨ੍ਹਾਂ ਦੀ ਬੇਵਕਤ ਮੌਤ ਨਾਲ ਪਾਰਟੀ , ਪਰਿਵਾਰ ਅਤੇ ਸਮਾਜ ਨੂੰ ਵੱਡਾ ਘਾਟਾ ਪਿਆ ਹੈ । ਇਸ ਨਾਲ ਪਰਿਵਾਰ ਪਾਰਟੀ ਅਤੇ ਸਮਾਜ ਨੂੰ ਵੱਡਾ ਘਾਟਾ ਪਿਆ ਹੈ ।  ਕਾਮਰੇਡ ਰੌਣਕੀ ਰਾਮ ਪਾਰਟੀ ਦਾ ਵਫ਼ਾਦਾਰ ਸਿਪਾਹੀ ਸੀ ਅਤੇ ਫਿਲੌਰ ਤਹਿਸੀਲ ਅੰਦਰ ਗ਼ਰੀਬ ਮਜ਼ਦੂਰਾਂ , ਖੇਤ ਮਜ਼ਦੂਰਾਂ  ਅਤੇ ਕਿਸਾਨਾਂ ਨੂੰ ਆਪਣੇ ਹੱਕ ਪ੍ਰਾਪਤ ਕਰਨ ਲਈ ਜਥੇਬੰਦ ਕਰਦਾ ਸੀ । ਦੇਸ਼ ਅਤੇ ਰਾਜ ਦੀ ਮੌਜੂਦਾ ਸਥਿਤੀ ਬਾਰੇ ਸੰਬੋਧਨ ਕਰਦੇ ਹੋਏ ਕਾਮਰੇਡ ਤੱਗੜ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਲਈ ਵੱਡੇ ਖਤਰੇ ਪੈਦਾ ਕਰ ਰਹੀ ਹੈ , ਫਿਰਕੂ ਵੰਡੀਆਂ ਪਾਈਆਂ ਜਾ ਰਹੀਆਂ ਹਨ , ਜਨਤਕ ਅਦਾਰੇ ਕਾਰਪੋਰੇਟ ਘਰਾਣਿਆਂ ਨੂੰ ਵੇਚੇ ਜਾ ਰਹੇ ਹਨ ਅਤੇ ਦੇਸ਼ ਆਰਥਿਕ ਮੰਦਹਾਲੀ ਵੱਲ ਧੱਕਿਆ ਜਾ ਰਿਹਾ ਹੈ । ਤਿੰਨ ਕਾਲੇ ਖੇਤੀ ਕਨੂੰਨਾ ਨੂੰ ਰੱਦ ਨਾ ਕਰਕੇ ਸੰਘਰਸ਼ਾਂ ਦੌਰਾਨ ਕਿਸਾਨਾਂ ਮਜ਼ਦੂਰਾਂ ਤੇ ਜਬਰ ਢਾਹਿਆ ਜਾ ਰਿਹਾ ਹੈ ।  ਪੰਜਾਬ ਅੰਦਰ ਰਾਜ ਕਰਤਾ ਪਾਰਟੀ ਵੀ ਲੋਕਾਂ ਪ੍ਰਤੀ ਸੰਜੀਦਾ ਨਜ਼ਰ ਆ ਰਹੀ ਹੈ ।  ਕਿਸਾਨਾਂ ਮਜ਼ਦੂਰਾਂ ਅਤੇ ਮੁਲਾਜ਼ਮਾਂ ਅੰਦਰ ਮੰਗਾਂ ਪ੍ਰਤੀ ਬੇਚੈਨੀ ਵਧ ਰਹੀ ਹੈ । ਕਾਮਰੇਡ ਤੱਗੜ ਨੇ ਕਿਹਾ ਕਿ 27 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਦਿੱਲੀ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਵਿੱਚ ਪਾਰਟੀ  ਤੇ ਜਨਤਕ ਜਥੇਬੰਦੀਆਂ ਵੱਲੋਂ ਪੂਰਨ ਤੌਰ ਤੇ ਸ਼ਾਮਲ ਹੋਣਗੀਆਂ  ।  ਦੇਸ਼ ਅਤੇ ਪੰਜਾਬ ਅੰਦਰ ਐਕਸ਼ਨ ਸਫਲ ਕਰਨ ਲਈ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ ਅਤੇ  ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ।  ਪੰਜਾਬ ਵਿਧਾਨ ਸਭਾ ਚੋਣਾਂ ਲੜ੍ਹਨ ਵਾਸਤੇ ਪਾਰਟੀ ਨੇ 41 ਸੀਟਾਂ ਦੀ ਨਿਸ਼ਾਨਦੇਹੀ ਕੀਤੀ ਹੈ  । ਸੂਬਾ ਕਮੇਟੀ ਮੈਂਬਰ ਸੁਖਪ੍ਰੀਤ ਸਿੰਘ ਜੌਹਲ , ਤਹਿਸੀਲ ਸਕੱਤਰ ਮਾਸਟਰ ਪ੍ਰਸ਼ੋਤਮ ਬਿਲਗਾ , ਮਾਸਟਰ ਮੂਲ ਚੰਦ ਸਰਹਾਲੀ , ਬੀਬੀ ਗੁਰਪਰਮਜੀਤ ਕੌਰ ਤੱਗੜ , ਕੁਲਦੀਪ ਚੰਦ ਟਿੱਕਾ , ਕ੍ਰਿਸ਼ਨਾ ਕੁਮਾਰੀ , ਸੋਢੀ ਲਾਲ ਉੱਪਲ ਅਤੇ ਹੋਰ  ਪਾਰਟੀ ਆਗੂਆਂ ਵੱਲੋਂ ਕਾਮਰੇਡ ਰੌਣਕੀ ਰਾਮ ਫਿਲੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ  ।