ਫਗਵਾੜਾ 15 ਸੰਤਬਰ (ਸ਼ਿਵ ਕੋੜਾ) ਸੰਸਦ ਦੇ ਸੋਮਵਾਰ ਤੋਂ ਸ਼ੁਰੂ ਹੋਏ ਮਾਨਸੂਨ ਸੈਸ਼ਨ ਵਿਚ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੇ ਸ਼ਾਮਲ ਨਾ ਹੋਣ ਨੂੰ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਸਿਆਸੀ ਡਰਾਮਾ ਦੱਸਿਆ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਬਾਦਲਾਂ ਨੂੰ ਪਤਾ ਹੈ ਕਿ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਆਰਡੀਨੈਂਸ ਸੰਸਦ ਵਿਚ ਪੇਸ਼ ਕਰਨੇ ਹਨ ਅਤੇ ਜੇਕਰ ਉਹ ਸੰਸਦ ਵਿਚ ਹਾਜਰ ਰਹਿਣਗੇ ਤਾਂ ਸਮਰਥਨ ਵਿਚ ਬੋਲਣਾ ਪਵੇਗਾ ਜਿਸ ਨਾਲ ਕਿਸਾਨਾ ਸਾਹਮਣੇ ਉਹਨਾਂ ਦੀ ਪੋਲ ਖੁਲ ਜਾਵੇਗੀ ਅਤੇ ਜੇਕਰ ਵਿਰੋਧ ਕਰਦੇ ਹਨ ਤਾਂ ਹਰਸਿਮਰਤ ਕੌਰ ਬਾਦਲ ਦੀ ਮੰਤਰੀ ਦੀ ਕੁਰਸੀ ਚਲੀ ਜਾਵੇਗੀ। ਇਸ ਲਈ ਉਹਨਾਂ ਸੰਸਦ ਤੋਂ ਦੂਰੀ ਬਣਾ ਕੇ ਰੱਖੀ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਕਿਸਾਨਾ ਦੇ ਨਾਲ ਹੀ ਆੜਤੀ, ਮੁਨੀਮ ਅਤੇ ਮੰਡੀ ਮਜਦੂਰਾਂ ਦੇ ਹਿਤਾਂ ਦੀ ਵੀ ਰਾਖੀ ਕਰ ਰਹੀ ਹੈ ਅਤੇ ਮੋਦੀ ਸਰਕਾਰ ਦੇ ਆਰਡੀਨੈਂਸਾਂ ਦਾ ਪੰਜਾਬ ਤੋਂ ਲੈ ਕੇ ਸੰਸਦ ਤਕ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਮਾਨ ਨੇ ਕਿਹਾ ਕਿ ਮੋਦੀ ਸਰਕਾਰ ਦੇ ਖੇਤੀ ਆਰਡੀਨੈਂਸ ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਨੂੰ ਤਬਾਹ ਕਰਨ ਦੀ ਕੋਝੀ ਸਾਜਿਸ਼ ਹੈ। ਮੋਦੀ ਸਰਕਾਰ ਐਮ.ਐਸ.ਪੀ. ਖਤਮ ਕਰਕੇ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆ ਦਾ ਬੰਧੂਆ ਮਜਦੂਰ ਬਨਾਉਣਾ ਚਾਹੁੰਦੀ ਹੈ। ਦੂਸਰੇ ਪਾਸੇ ਬਾਦਲ ਪਰਿਵਾਰ ਵਲੋਂ ਰੋਜਾਨਾ ਇਹਨਾਂ ਆਰਡੀਨੈਂਸਾਂ ਦੇ ਹੱਕ ਵਿਚ ਬਿਆਨਬਾਜੀ ਕਰਕੇ ਕਿਸਾਨਾ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬਾਦਲ ਪਰਿਵਾਰ ਨੇ ਅੱਜ ਤੱਕ ਕਿਸਾਨਾਂ ਦੇ ਸਿਰ ਤੇ ਹੀ ਰਾਜ ਕੀਤਾ ਹੈ ਪਰ ਹਰ ਵਾਰ ਪੰਜਾਬ ਦੇ ਹਿਤਾਂ ਨਾਲ ਖਿਲਵਾੜ ਕਰਦੇ ਰਹੇ। ਹੁਣ ਵੀ ਜੱਦੋਂ ਕਿਸਾਨਾਂ ਦੇ ਹੱਕਾਂ ਦੀ ਰਾਖੀ ਦਾ ਸਮਾਂ ਆਇਆ ਤਾਂ ਵੱਡੇ ਬਾਦਲ ਦੇ ਪੁੱਤਰ ਅਤੇ ਨੂੰਹ ਨੇ ਪਿੱਠ ਦਿਖਾ ਦਿੱਤੀ ਹੈ। ਉਹਨਾਂ ਕਿਹਾ ਕਿ ਕੇਂਦਰ ਦੇ ਇਹਨਾਂ ਆਰਡੀਨੈਂਸਾਂ ਦਾ ਲਾਭ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆ ਨੂੰ ਹੋਵੇਗਾ ਅਤੇ ਪੰਜਾਬ ਬਰਬਾਦੀ ਦੇ ਰਸਤੇ ਤੇ ਪੈ ਜਾਵੇਗਾ। ਪੰਜਾਬ ਦਾ ਕਿਸਾਨ ਬਰਬਾਦ ਹੋ ਗਿਆ ਤਾਂ ਇੱਥੋਂ ਦੀ ਆਰਥਕਤਾ ਦਾ ਵੀ ਲੱਕ ਟੁੱਟ ਜਾਵੇਗਾ ਇਸ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਕਾਂਗਰਸ ਪਾਰਟੀ ਇਹਨਾਂ ਆਰਡੀਨੈਂਸਾਂ ਨੂੰ ਪੰਜਾਬ ਵਿਚ ਕਿਸੇ ਕੀਮਤ ਤੇ ਲਾਗੂ ਨਹੀਂ ਹੋਣ ਦੇਵੇਗੀ।