ਫ਼ਰੀਦਕੋਟ: ਪੰਜਾਬ ਦੇ ਸਾਬਕਾ ਵਿਵਾਦਗ੍ਰਸਤ ਡੀ.ਜੀ.ਪੀ. ਸੁਮੇਧ ਸੈਣੀ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਬਹਿਬਲ ਕਲਾਂ ਗੋਲੀ ਕਾਂਡ ਵਿੱਚ ਉਹਨਾਂ ਦੇ ਅਦਾਲਤੀ ਸੰਮਨ ਜਾਰੀ ਹੋਣ, ਫ਼ਿਰ ਵਾਰੰਟ ਜਾਰੀ ਹੋਣ ਅਤੇ ਜ਼ਮਾਨਤ ਨਾ ਮਨਜ਼ੂਰ ਹੋਣ ਮਗਰੋਂ ਹੁਣ ਉਹਨਾਂ ਨੂੰ ਇਕ ਹੋਰ ਝਟਕਾ ਲੱਗਾ ਹੈ।ਕੋਟਕਪੂਰਾ ਗੋਲੀ ਕਾਂਡ ਵਿੱਚ ਹੁਣ ਫ਼ਰੀਦਕੋਟ ਦੀ ਅਦਾਲਤ ਨੇ ਕਾਰਵਾਈ ਕਰਦਿਆਂ ਸਾਬਕਾ ਡੀ.ਜੀ.ਪੀ. ਦੇ ਨਾਂਅ ’ਤੇ 18 ਫ਼ਰਵਰੀ ਲਈ ਸੰਮਨ ਜਾਰੀ ਕੀਤੇ ਹਨ। ਇਹ ਸੰਮਨ ਕੇਸ ਦੇ ਆਈ.ਓ.ਰਾਹੀਂ ਸੁਮੇਧ ਸੈਣੀ ਦੇ ਚੰਡੀਗੜ੍ਹ ਸਥਿਤ ਘਰ ਦੇ ਬਾਹਰ ਚਸਪਾਂ ਕਰ ਦਿੱਤੇ ਗਏ ਹਨ।ਜ਼ਿਕਰਯੋਗ ਹੈ ਕਿ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੇ ਸੰਬੰਧ ਵਿੱਚ ਸੁਮੇਧ ਸੈਣੀ ਅਤੇ ਪਰਮਰਾਜ ਸਿੰਘ ਉਮਰਾਨੰਗਲ ਖਿਲਾਫ਼ ਸੰਮਨ ਜਾਰੀ ਕੀਤੇ ਗਏ ਸਨ ਅਤੇ 9 ਫ਼ਰਵਰੀ ਨੂੰ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। 9 ਫ਼ਰਵਰੀ ਨੂੰ ਦੋਹਾਂ ਵਿੱਚੋਂ ਕੋਈ ਵੀ ਪੇਸ਼ ਨਹੀਂ ਹੋਇਆ ਤਾਂ ਅਦਾਲਤ ਨੇ 1 ਮਾਰਚ ਦੀ ਤਾਰੀਖ਼ ਪਾ ਦਿੱਤੀ। ਇਸੇ ਦੌਰਾਨ ਅਦਾਲਤ ਨੇ ਸੁਮੇਧ ਸੈਣੀ ਦੇ ਜ਼ਮਾਨਤਯੋਗ ਵਾਰੰਟ ਜਾਰੀ ਕਰ ਦਿੱਤੇ ਜਦਕਿ ਆਈ.ਜੀ. ਉਮਰਾਨੰਗਲ ਵੱਲੋਂ ਨਿੱਜੀ ਪੇਸ਼ੀ ਤੋਂ ਛੋਟ ਮੰਗੇ ਜਾਣ ਕਰਕੇ ਉਨ੍ਹਾਂ ਨੂੰ ਛੋਟ ਦੇ ਦਿੱਤੀ ਗਈ ਪਰ 1 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਗਿਆ।ਇਸ ਮਗਰੋਂ ਦੋਵੇਂ ਪੁਲਿਸ ਅਧਿਕਾਰੀਆਂ ਨੇ ਫ਼ਰੀਦਕੋਟ ਦੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ੍ਰੀ ਸੁਮੀਤ ਮਲਹੋਤਰਾ ਦੀ ਅਦਾਲਤ ਵਿੱਚ ਜ਼ਮਾਨਤ ਦੀਆਂ ਅਰਜ਼ੀਆਂ ਲਾਈਆਂ ਜਿਨ੍ਹਾਂ ਦੀ 11 ਫ਼ਰਵਰੀ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਦੋਹਾਂ ਦੀਆਂ ਅਗਾਊਂ ਜ਼ਮਾਨਤ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਸਨ।ਜ਼ਿਕਰਯੋਗ ਹੈ ਕਿ ਸਾਬਕਾ ਡੀ.ਜੀ.ਪੀ. ਨੇ ਕੋਟਕਪੂਰਾ ਮਾਮਲੇ ਵਿੱਚ ਵੀ ਗ੍ਰਿਫ਼ਤਾਰੀ ਦਾ ਖ਼ਦਸ਼ਾ ਜ਼ਾਹਿਰ ਕਰਦਿਆਂ ਅਦਾਲਤ ਤੋਂ ਅਗਾਊਂ ਜ਼ਮਾਨਤ ਮੰਗੀ ਸੀ ਪਰ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ੍ਰੀ ਸੁਮੀਤ ਮਲਹੋਤਰਾ ਨੇ ਇਸ ਜ਼ਮਾਨਤ ਅਰਜ਼ੀ ’ਤੇ ਪੰਜਾਬ ਸਰਕਾਰ ਅਤੇ ਐਸ.ਆਈ.ਟੀ. ਨੂੰ 16 ਫ਼ਰਵਰੀ ਲਈ ਨੋਟਿਸ ਜਾਰੀ ਕੀਤਾ ਸੀ।