ਜਲੰਧਰ 16 ਜਨਵਰੀ 2021
ਕੋਵਿਡ-19 ਮਹਾਂਮਾਰੀ ਲੜਾਈ ਖਿਲਾਫ਼ ਅੱਜ ਦੇ ਦਿਨ ਨੂੰ ਇਤਿਹਾਸਿਕ ਤੇ ਅਹਿਮ ਕਰਾਰ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਵਲੋਂ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਜਲੰਧਰ ਵਿਖੇ ਸ਼ੁਰੂ ਕੀਤੀ ਗਈ ਕੋਵਿਡ-19 ਵੈਕਸੀਨ ਲਗਾਉਣ ਟੀਕਾਕਰਨ ਮੁਹਿੰਮ ਦਾ ਜਾਇਜ਼ਾ ਲਿਆ ਗਿਆ , ਜਿਸ ਦੌਰਾਨ ਪਹਿਲੇ ਪੜਾਅ ਅਧੀਨ ਸੂਚੀ ਬੱਧ ਕੀਤੇ ਗਏ 11800 ਸਿਹਤ ਵਰਕਰਾਂ ਨੂੰ ਟੀਕਾ ਲਗਾਇਆ ਜਾਵੇਗਾ।
ਇਸ ਮੌਕੇ ਸਿਵਲ ਹਸਪਤਾਲ ਵਿਖੇ ਬਣਾਈ ਗਈ ਸੈਸ਼ਨ ਸਾਈਟ ਦਾ ਦੌਰਾ ਕਰਨ ਸਮੇਂ ਡਿਪਟੀ ਕਮਿਸ਼ਨਰ ਦੇ ਨਾਲ ਸਹਾਇਕ ਕਮਿਸ਼ਨਰ ਹਰਦੀਪ ਸਿੰਘ, ਸਿਵਲ ਸਰਜਨ ਡਾ.ਬਲਵੰਤ ਸਿੰਘ ਵੀ ਮੌਜੂਦ ਸਨ, ਨੇ ਕਿਹਾ ਕਿ ਅੱਜ ਦੇ ਦਿਨ ਕੋਵਿਡ-19 ਮਹਾਂਮਾਰੀ ਦੇ ਖਾਤਮੇ ਦੀ ਸ਼ੁਰੂਆਤ ਹੋ ਗਈ ਹੈ।
ਕੋਵਿਡ-19 ਮਹਾਂਮਾਰੀ ਖਿਲਾਫ਼ ਲੜਾਈ ਦੌਰਾਨ ਮੋਹਰਲੀ ਕਤਾਰ ਦੇ ਸਿਹਤ ਵਰਕਰਾਂ ਵਲੋਂ ਕੀਤੀ ਗਈ ਲਾਮਿਸਾਲ ਸੇਵਾ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਸਿਹਤ ਵਰਕਰਾਂ ਵਲੋਂ ਮਾਰਚ 2020 ਤੋਂ ਕੋਵਿਡ –19 ਮਹਾਂਮਾਰੀ ਖਿਲਾਫ਼ ਮੋਹਰੇ ਹੋਕੇ ਬਹੁਤ ਹੀ ਬਹਾਦਰੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੀ ਰਾਹਤ ਤੇ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਵੈਕਸੀਨ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਵਿੱਚ ਨਾ ਆਉਣ , ਕਿਉਂਕਿ ਇਹ ਵੈਕਸੀਨ ਪੂਰੀ ਤਰਾਂ ਸੁਰੱਖਿਅਤ ਅਤੇ ਅਸਰਦਾਰ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਵਿਡ-19 ਵੈਕਸੀਨ ਲਈ ਤਿੰਨ ਸੈਸ਼ਨ ਸਾਈਟਾਂ ਜਿਸ ਵਿੱਚ ਸਿਵਲ ਹਸਪਤਾਲ ਜਲੰਧਰ, ਨਕੋਦਰ ਅਤੇ ਕਮਿਊਨਟੀ ਸਿਹਤ ਕੇਂਦਰ ਬਸਤੀ ਗੁਜਾਂ ਸ਼ਾਮਿਲ ਹਨ ਬਣਾਏ ਗਏ ਹਨ ਅਤੇ ਇਥੇ ਰੋਜ਼ਾਨਾ 300 ਸਿਹਤ ਵਰਕਰਾਂ ਨੂੰ ਕੋਵਿਡ-19 ਵੈਕਸੀਨ ਦਾ ਟੀਕਾ ਲਗਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਹੋਰ ਸੈਸ਼ਨ ਸਾਈਟਾਂ ਬਣਾਉਣ ਸਬੰਧੀ ਯੋਜਨਾ ਪਹਿਲਾਂ ਹੀ ਬਣਾਈ ਜਾ ਚੁੱਕੀ ਹੈ ਅਤੇ ਜਿਉਂ ਹੀ ਇਹ ਮੁਹਿੰਮ ਹੋਰ ਤੇਜ਼ ਹੁੰਦੀ ਹੈ ਤਾਂ ਇਨਾਂ ਸੈਸ਼ਨ ਸਾਈਟਾਂ ਨੂੰ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਸੈਸ਼ਨ ਸਾਈਟ ਕਮਿਊਨਟੀ ਸਿਹਤ ਕੇਂਦਰਾਂ, ਮੁੱਢਲੇ ਸਿਹਤ ਕੇਂਦਰਾਂ, ਜ਼ਿਲ੍ਹਾ ਹਸਪਤਾਲਾਂ, ਸਬ ਡਵੀਜ਼ਨਲ ਹਸਪਤਾਲਾਂ ਅਤੇ ਕੁਝ ਨਿੱਜੀ ਹਸਪਤਾਲਾਂ ਵਿੱਚ ਬਣਾਈਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 12 ਲੱਖ ਵੈਕਸੀਨ ਦਾ ਭੰਡਾਰ ਕਰਨ ਲਈ 57 ਕੋਲਡ ਚੇਨ ਪੁਆਇੰਟ ਬਣਾਏ ਗਏ ਹਨ । ਉਨ੍ਹਾਂ ਇਹ ਵੀ ਦੱਸਿਆ ਕਿ 12 ਲੱਖ ਕੋਵਿਡ ਵੈਕਸੀਨ ਖ਼ੁਰਾਕਾਂ ਦਾ ਭੰਡਾਰ ਕਰਨ ਲਈ ਸਾਰੇ ਸਥਾਨਾਂ ਨੂੰ ਲੋੜੀਂਦੇ ਤਾਪਮਾਨ ਵਾਲੇ ਕੋਲਡ ਪੁਆਇੰਟਾਂ ਨਾਲ ਜੋੜਿਆ ਗਿਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਸਾਬਕਾ ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ ਅਤੇ ਸਾਬਕਾ ਸੀਨੀਅਰ ਮੈਡੀਕਲ ਅਫ਼ਸਰ ਡਾ.ਕਸ਼ਮੀਰੀ ਲਾਲ ਵਲੋਂ ਪਹਿਲਾਂ ਕੋਵਿਡ-19 ਵੈਕਸੀਨ ਦਾ ਟੀਕਾ ਲਗਾਉਣ ਲਈ ਅਗੇ ਆਉਣ ਦੀ ਵੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਨਾਲ ਕੋਵਿਡ ਵੈਕਸੀਨ ਪ੍ਰਤੀ ਲੋਕਾਂ ਵਿੱਚ ਭਰੋਸੇਯੋਗਤਾ ਵਧੇਗੀ।
ਇਸ ਮੌਕੇ ਸਿਵਲ ਸਰਜਨ ਡਾ.ਬਲਵੰਤ ਸਿੰਘ ਜਿਨਾਂ ਵਲੋਂ ਕਮਿਊਨਟੀ ਸਿਹਤ ਕੇਂਦਰ ਬਸਤੀ ਗੁਜਾਂ ਵਿਖੇ ਬਣਾਈ ਗਈ ਸੈਸ਼ਨ ਸਾਈਟ ਦਾ ਨਿਰੀਖਣ ਕੀਤਾ ਗਿਆ ਨੇ ਦੱਸਿਆ ਕਿ ਜਿਨਾਂ ਨੇ ਅੱਜ ਪਹਿਲੀ ਕੋਵਿਡ ਵੈਕਸੀਨ ਦੀ ਖ਼ੁਰਾਕ ਲਈ ਹੈ ਨੂੰ ਦੂਜੀ ਖ਼ੁਰਾਕ 28 ਦਿਨਾਂ ਬਾਅਦ ਦਿੱਤੀ ਜਾਵੇਗੀ।
ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪਹਿਲੇ ਦਿਨ 136 ਸਿਹਤ ਵਰਕਰਾਂ ਨੂੰ ਕੋਵਿਡ ਵੈਕਸੀਨ ਦਾ ਟੀਕਾ ਲਗਾਇਆ ਗਿਆ, ਜਿਸ ਵਿੱਚ 41 ਸਿਵਲ ਹਸਪਤਾਲ, 36 ਕਮਿਊਨਟੀ ਸਿਹਤ ਕੇਂਦਰ ਬਸਤੀ ਗੁਜਾਂ ਅਤੇ 59 ਸਿਵਲ ਹਸਪਤਾਲ ਨਕੋਦਰ ਸ਼ਾਮਿਲ ਹਨ।