ਅੰਮ੍ਰਿਤਸਰ,29 ਸਤੰਬਰ ( ) – ਜਿਲ੍ਹਾ ਸਿੱਖਿਆ ਦਫ਼ਤਰ ਦੀ ਵੱਡੀ ਲਾਪਰਵਾਹੀ ਕਾਰਨ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ‘ਚ ਪਿਛਲੇ ਲੰਮੇ ਸਮੇਂ ਤੋਂ 200 ਤੋ ਵੱਧ ਹੈੱਡਟੀਚਰ/ਸੈੰਟਰ ਹੈੱਡਟੀਚਰ ਪ੍ਰਮੋਸ਼ਨਾਂ ਨਾ ਕਰਨ ਦੀ ਕੀਤੀ ਜਾ ਰਹੀ ਬੱਜਰ ਗਲਤੀ ਦੇ ਰੋਸ ਵੱਜੋਂ ਈ.ਟੀ.ਯੂ.ਵੱਲੋਂ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਦੇ ਅੱਜ 35ਵੇਂ ਦਿਨ ਰਈਆ-1 ਅਤੇ ਅੰਮ੍ਰਿਤਸਰ – 1 ਨਾਲ ਸਬੰਧਤ ਆਗੂਆਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਸਬੰਧਤ ਕਰਮਚਾਰੀਆਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਭੁੱਖ ਹੜਤਾਲ ਕੈਂਪ ‘ਚ ਪਹੁੰਚੇ ਈ. ਟੀ.ਯੂ. ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ,ਗੁਰਿੰਦਰ ਸਿੰਘ ਘੁੱਕੇਵਾਲੀ, ਸਤਬੀਰ ਸਿੰਘ ਬੋਪਾਰਾਏ, ਨਵਦੀਪ ਸਿੰਘ,ਸੁਖਦੇਵ ਸਿੰਘ ਵੇਰਕਾ, ਦਿਲਬਾਗ ਸਿੰਘ ਬਾਜਵਾ ਨੇ ਕਿਹਾ ਕਿ ਜਿਲ੍ਹਾ ਸਿੱਖਿਆ ਅਫਸਰ ਵਲੋਂ 18 ਸਤੰਬਰ ਨੂੰ ਈ.ਟੀ.ਯੂ. ਨਾਲ ਮੀਟਿੰਗ ਕਰਕੇ 21 ਸਤੰਬਰ ਤੱਕ ਮੁਕੰਮਲ ਰਿਕਾਰਡ ਭਲਾਈ ਵਿਭਾਗ ਕੋਲ ਜਮ੍ਹਾ ਕਰਵਾਉਣ ਦਾ ਫੈਸਲਾ ਲਿਆ ਗਿਆ ਸੀ ਪਰ ਬਹੁਤ ਦੁੱਖ ਦੀ ਗੱਲ ਹੈ ਕਿ ਇਕ ਜਿੰਮੇਵਾਰ ਪੋਸਟ ਤੇ ਕੰਮ ਕਰ ਰਹੇ ਉਕਤ ਜਿਲ੍ਹਾ ਸਿੱਖਿਆ ਅਧਿਕਾਰੀ ਵਲੋਂ ਆਪਣੇ ਵਾਅਦੇ ਤੋਂ ਮੁੱਕਰਨ ਦੇ ਨਾਲ ਨਾਲ ਉਸ ਦਿਨ ਤੋਂ ਲੈ ਕੇ ਅੱਜ ਤੱਕ ਆਪਣਾ ਫੋਨ ਬੰਦ ਕਰ ਕੇ ਦਫਤਰ ਨਾਲੋਂ ਵੀ ਆਪਣਾ ਸੰਪਰਕ ਤੋੜਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪ੍ਰਮੋਸ਼ਨਾ ਲਈ ਰਿਕਾਰਡ ਤਿਆਰ ਕਰ ਰਹੇ ਦਫਤਰੀ ਅਮਲੇ ਨਾਲ ਅੱਜ ਹੋਈ ਮੀਟਿੰਗ ‘ਚ ਦਫ਼ਤਰੀ ਅਮਲੇ ਨੇ ਵੀਰਵਾਰ ਸ਼ਾਮ ਤੱਕ ਮੁਕੰਮਲ ਰਿਕਾਰਡ ਸੌਂਪਣ ਦਾ ਪੱਕਾ ਵਾਅਦਾ ਕੀਤਾ ਹੈ।ਆਗੂਆਂ ਨੇ ਅੱਜ ਦੀ ਮੀਟਿੰਗ ‘ਚ ਜਿਲ੍ਹਾ ਕਮੇਟੀ ਵੱਲੋਂ ਲਏ ਫੈਸਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਹੁਣ ਵੀ ਜਿਲ੍ਹਾ ਅਧਿਕਾਰੀ ਵਲੋਂ ਕੋਈ ਅਣਗਹਿਲੀ ਜਾਂ ਰੁਕਾਵਟ ਪੈਦਾ ਕੀਤੀ ਗਈ ਤਾਂ ਸੋਮਵਾਰ 5 ਅਕਤੂਬਰ ਤੋਂ ਭੁੱਖ ਹੜਤਾਲ ਦਾ ਸਥਾਨ ਜ਼ਿਲ੍ਹਾ ਦਫ਼ਤਰ ਤੋਂ ਬਦਲ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਘਰ ਸਾਹਮਣੇ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਈ.ਟੀ.ਯੂ. ਦੇ ਜੁਝਾਰੂ ਅਧਿਆਪਕਾਂ ਦੇ ਸਬਰ ਦਾ ਪਿਆਲਾ ਹੁਣ ਭਰ ਚੁੱਕਾ ਹੈ ਅਤੇ ਉਹ ਵੱਡੀ ਤੋਂ ਵੱਡੀ ਲੜਾਈ ਲੜਨ ਲਈ ਤਿਆਰ ਹਨ।ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਜ਼ਿਲ੍ਹਾ ਸਿੱਖਿਆ ਅਫ਼ਸਰ ਹੁਣ ਵੀ ਟੱਸ ਤੋਂ ਮੱਸ ਨਾ ਹੋਇਆ ਤਾਂ ਉਹ ਇਸ ਦੇ ਨਿਕਲਣ ਵਾਲੇ ਗੰਭੀਰ ਸਿੱਟਿਆਂ ਦਾ ਖ਼ੁਦ ਜ਼ਿੰਮੇਵਾਰ ਹੋਵੇਗਾ। ਅੱਜ ਭੁੱਖ ਹੜਤਾਲ ਤੇ 35 ਵੇਂ ਦਿਨ ਈ.ਟੀ.ਯੂ. ਆਗੂ ਦਿਲਬਾਗ ਸਿੰਘ ਬਾਜਵਾ,ਨਵਦੀਪ ਸਿੰਘ,ਪ੍ਰਮੋਦ ਸਿੰਘ, ਮਨਿੰਦਰ ਸਿੰਘ,ਨਿਸ਼ਾਨਜੀਤ ਸਿੰਘ,ਸੁਨੀਲ ਦੱਤ,ਕਸ਼ਮੀਰ ਸਿੰਘ,ਹਰਮਨਦੀਪ ਸਿੰਘ, ਸੁਖਪਾਲ ਸਿੰਘ ਆਦਿ ਆਗੂਆਂ ਨੇ ਭੁੱਖ ਹੜਤਾਲ ਤੇ ਬਹਿ ਕੇ ਜ਼ਿਲ੍ਹਾ ਸਿੱਖਿਆ ਦਫਤਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ।