ਫਤਹਿਗੜ੍ਹ ਸਾਹਿਬ ( ਗੁਰਦੀਪ ਸਿੰਘ ਹੋਠੀ ): ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦੇ ਐਗਰੀਕਲਚਰ ਵਿਭਾਗ ਨੇ ਮੁਫਤ ਤੌਰ ਤੇ ਸਰਕਾਰੀ ਸਕੂਲਾਂ ਵਿੱਚ ਕਿਚਨ ਗਾਰਡਨ ਬਣਾਉਣ ਦੀ ਸ਼ੁਰੂ ਕੀਤੀ ਮੁਹਿੰਮ ਨੂੰ ਅੱਗੇ ਤੋਰਦਿਆਂ ਸਰਕਾਰੀ ਸੈਲਫ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਚਨਾਰਥਲ ਕਲਾਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਕਿਚਨ ਗਾਰਡਨ ਬਣਾਇਆ । ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਪਰਿਤਪਾਲ ਸਿੰਘ ਅਤੇ ਵਿਭਾਗ ਦੇ ਮੁਖੀ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਦੇ ਦਿਸ਼ਾ ਨਿਰਦੇਸ਼ ਤਹਿਤ ਵਿਭਾਗ ਦੇ ਇੰਚਾਰਜ਼ ਡਾ. ਜਸਪ੍ਰੀਤ ਕੌਰ ਦੀ ਅਗਵਾਈ ਵਿੱਚ ਬੀ.ਐੱਸ.ਸੀ. (ਆਨਰਜ਼) ਐਗਰੀਕਲਚਰ ਭਾਗ ਚੌਥਾ ਦੇ ਵਿਦਿਆਰਥੀਆਂ ਨੇ ਸਹਾਇਕ ਪ੍ਰੋਫੈਸਰ ਮਿਸ ਰਜਨਪ੍ਰੀਤ ਕੌਰ ਅਤੇ ਸ੍ਰ. ਰੁਪਿੰਦਰ ਸਿੰਘ ਦੀ ਦੇਖ ਰੇਖ ਹੇਠ ਸਰਕਾਰੀ ਸੈਲਫ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਚਨਾਰਥਲ ਕਲਾਂ ਵਿਖੇ 30*30 ਆਕਾਰ ਦਾ ਕਿਚਨ ਗਾਰਡਨ ਬਣਾਇਆ । ਕਿਚਨ ਗਾਰਡਨ ਬਣਾਉਣ ਉਪਰੰਤ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨਾਲ ਐਗਰੀਕਲਚਰ ਵਿਸ਼ੇ ‘ਚ ਭਵਿੱਖ ਤੇ ਸੰਭਾਵਨਾਵਾਂ ਤਹਿਤ ਵਿਸਥਾਰ ਪੂਰਵਕ ਚਰਚਾ ਵੀ ਕੀਤੀ ਗਈ । ਇਸ ਉਪਰੰਤ ਐਗਰੀਕਲਚਰ ਵਿਭਾਗ ਦੇ ਸਹਾਇਕ ਪ੍ਰੋਫੈਸਰ ਮਿਸ ਰਜਨਪ੍ਰੀਤ ਕੌਰ, ਸ੍ਰ. ਰੁਪਿੰਦਰ ਸਿੰਘ ਨੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਸ਼ਪਾਲ ਕੌਰ ਨੂੰ ਵਿਭਾਗ ਵੱਲੋਂ ਸਨਮਾਨ ਚਿੰਨ੍ਹ ਵੀ ਭੇਂਟ ਕੀਤਾ । ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਸ਼ਪਾਲ ਕੌਰ ਨੇ ਐਗਰੀਕਲਚਰ ਵਿਭਾਗ ਦੇ ਇੰਚਾਰਜ਼ ਡਾ. ਜਸਪ੍ਰੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਵਿਸ਼ਵ ਯੂਨੀਵਰਸਿਟੀ ਦੇ ਐਗਰੀਕਲਚਰ ਵਿਭਾਗ ਵੱਲੋਂ ਕਿਚਨ ਗਾਰਡਨ ਬਣਾਉਣ ਦੀ ਸ਼ੁਰੂ ਕੀਤੀ ਮੁਹਿੰਮ ਇੱਕ ਨਿਵੇਕਲਾ ਕਦਮ ਹੈ ਤੇ ਇਸ ਉਪਰਾਲੇ ਨਾਲ ਸਕੂਲ ਨੂੰ ਬਹੁਤ ਮਦਦ ਮਿਲੇਗੀ ਅਤੇ ਆਧੁਨਿਕ ਕਿਚਨ ਗਾਰਡਨ ਮਿਡ ਡੇ ਮੀਲ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗਾ । ਇਸ ਮੌਕੇ ਸਕੂਲ ਲੈਕਚਰਾਰ ਸ੍ਰ. ਹਰਜੀਤ ਸਿੰਘ ਵੀ ਹਾਜ਼ਰ ਰਹੇ ।