ਫਗਵਾੜਾ (ਸ਼ਿਵ ਕੋੜਾ) ਫਗਵਾੜਾ ਸਬ ਡਵੀਜਨ ਅਧੀਨ ਇਕ ਹੀ ਰਾਤ ਵਿਚ ਤਿੰਨ ਪਿੰਡਾਂ ‘ਚ ਅਣਪਛਾਤੇ ਚੋਰਾਂ ਵਲੋਂ ਅੰਜਾਮ ਦਿੱਤੀਆਂ ਗਈਆਂ ਵੱਖ ਵੱਖ ਵਾਰਦਾਤਾਂ ਵਿੱਚ ਅੱਧੀ ਦਰਜਨ ਪਸ਼ੂਆਂ ਦੀ ਹੋਈ ਚੋਰੀ ਨਾਲ ਲੋਕਾਂ ਦੇ ਮਨਾਂ ਵਿੱਚ ਆਪਣੀ ਜਾਨ-ਮਾਲ ਨੂੰ ਲੈ ਕੇ ਅਸੁਰੱਖਿਆ ਦਾ ਮਾਹੌਲ ਬਣ ਗਿਆ ਹੈ। ਪਿੰਡ ਬਿਸ਼ਨਪੁਰ ਦੇ ਪੀੜਤ ਚਾਨਣ ਰਾਮ ਪੁੱਤਰ ਸਰਵਨ ਦਾਸ ਨੇ ਦੱਸਿਆ ਕਿ ਸੋਮਵਾਰ ਦੀ ਰਾਤ ਉਸ ਦੀ ਪਸ਼ੂਆਂ ਵਾਲੀ ਹਵੇਲੀ ਵਿੱਚੋਂ ਦੋ ਝੋਟੀਆਂ, ਇੱਕ ਕੱਟਾ ਅਤੇ ਇੱਕ ਬੱਕਰੀ ਚੋਰੀ ਹੋਏ ਹਨ। ਪਿੰਡ ਪੰਡੋਰੀ ਦੇ ਵਸਨੀਕ ਮਨਪ੍ਰੀਤ ਸਿੰਘ ਪੁੱਤਰ ਲੇਟ ਹਰਜਿੰਦਰ ਸਿੰਘ ਦੀ ਵੀ ਇੱਕ ਝੋਟੀ ਚੋਰੀ ਹੋਣ ਦਾ ਸਮਾਚਾਰ ਹੈ। ਇਸ ਤੋਂ ਇਲਾਵਾ ਪਿੰਡ ਖਲਵਾੜਾ ਕਲੋਨੀ ਦੇ ਬਲਜੀਤ ਸਿੰਘ ਪੁੱਤਰ ਸਿਮਰੂ ਰਾਮ ਨੇ ਦੱਸਿਆ ਕਿ ਉਹਨਾਂ ਦੀ ਮੱਝ ਸੂਣ ਵਾਲੀ ਸੀ ਅਤੇ ਰਾਤ ਨੂੰ ਕਰੀਬ 2.30 ਵਜੇ ਉਸਨੇ ਉੱਠ ਕੇ ਦੇਖਿਆ ਸੀ ਤਾਂ ਮੱਝ ਹਵੇਲੀ ਵਿੱਚ ਸਹੀ ਸਲਾਮਤ ਸੀ ਪਰ ਸਵੇਰੇ ਦੇਖਿਆ ਤਾਂ ਉਸਦੀ ਮੱਝ ਨੂੰ ਕੋਈ ਚੋਰੀ ਕਰਕੇ ਲਿਜਾ ਚੁੱਕਾ ਸੀ। ਉਕਤ ਪੀੜਤਾਂ ਨੇ ਜਿੱਥੇ ਕੋਰੋਨਾ ਮਹਾਮਾਰੀ ਦੇ ਚੱਲਦੇ ਲਾਗੂ ਲਾਕਡਾਉਨ ਅਤੇ ਕਰਫਿਊ ਦੇ ਬਾਵਜੂਦ ਚੋਰਾਂ ਵੱਲੋਂ ਬੇਖੌਫ ਹੋ ਕੇ ਇੱਕ ਹੀ ਰਾਤ ਵਿੱਚ ਤਿੰਨ ਚੋਰੀਆਂ ਨੂੰ ਅੰਜਾਮ ਦੇਣ ਪ੍ਰਤੀ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਪੁਲਿਸ ਅਤੇ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ਪ੍ਰਤੀ ਸਵਾਲੀਆ ਨਿਸ਼ਾਨ ਖੜਾ ਕੀਤਾ ਉੱਥੇ ਹੀ ਆਪਣੇ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਵੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਕੀਤੀ ਹੈ। ਥਾਣਾ ਸਦਰ ਮੁਖੀ ਅਮਰਜੀਤ ਸਿੰਘ ਮੱਲ•ੀ ਨੇ ਦੱਸਿਆ ਕਿ ਪੁਲਿਸ ਹਰ ਐਂਗਲ ਤੋਂ ਇਹਨਾਂ ਚੋਰੀਆਂ ਦੀ ਡੁੰਘਾਈ ਨਾਲ ਜਾਂਚ ਕਰ ਰਹੀ ਹੈ।