ਜਲੰਧਰ :- ਮਹੱਦੀਪੁਰ ਜਿਲਾ ਅੰਮ੍ਰਿਤਸਰ ਵਿਖੇ ਸੰਤ ਬਾਬਾ ਕਾਲਾ ਸਿੰਘ ਅਤੇ ਸੰਤ ਬਾਬਾ ਬੁੜ ਸਿੰਘ ਨਾਮਧਾਰੀ ਦਾ ਪੂਜਨੀਕ ਤਪ-ਸਥਾਨ ਸੁਸ਼ੋਭਿਤ ਹੈ। ਇਸ ਸਥਾਨ ਤੇ ਅੱਜ ਸੰਤ ਬਾਬਾ ਕਾਲਾ ਸਿੰਘ ਜੀ ਨਾਮਧਾਰੀ ਦੀ ਯਾਦ ਵਿਚ ਭਾਰੀ ਜੋੜ ਮੇਲੇ ਦਾ ਆਯੋਜਨ, ਸੰਤ ਬਾਬਾ ਭਗਤ ਸਿੰਘ ਜੀ ਦੀ ਅਗੁਵਾਈ ਵਿਚ ਕੀਤਾ ਗਿਆ। ਸੰਤ ਬਾਬਾ ਕਾਲਾ ਸਿੰਘ ਨਾਮਧਾਰੀ ਮਹਾਨ ਤਪੱਸਵੀ ਅਤੇ ਪੂਰਨ ਬ੍ਰਹਮਗਿਆਨੀ ਹੋਏ, ਜਿਨ੍ਹਾਂ ਨੇ ਆਪ ਨਾਮ ਬਾਣੀ ਵਿਚ ਭਿੱਜ ਕੇ ਅਨੇਕ ਸਿੱਖਾਂ ਨੂੰ ਨਾਮ ਬਾਣੀ ਨਾਲ ਜੋੜਿਆ ਅਤੇ ਉਹਨਾਂ ਦਾ ਭਲਾ ਕੀਤਾ। ਇਹ ਬ੍ਰਹਮਗਿਆਨੀ ਸੰਤ ਆਪਣੀ ਇੱਛਾ ਅਨੁਸਾਰ ਇਸ ਦਿਨ 19 ਮੱਘਰ ਨੂੰ ਇਸ ਸੰਸਾਰ ਦੀ ਯਾਤਰਾ ਪੂਰੀ ਕਰ ਕੇ ਦਰਗਾਹ ਵਿਚ ਜਾ ਬਿਰਾਜੇ।
ਅੱਜਕਲ੍ਹ ਇਸ ਸਥਾਨ ਤੇ ਉਹਨਾਂ ਦੇ ਵਰੋਸਾਏ ਸੰਤ ਬਾਬਾ ਭਗਤ ਸਿੰਘ ਜੀ ਅਤੇ ਬਾਬਾ ਜਗਤ ਸਿੰਘ ਜੀ ਆਪਣੀ ਸੇਵਾ ਨਿਭਾ ਰਹੇ ਹਨ। ਇਸ ਸਥਾਨ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿੰਨੇ ਦਿਨਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅਖੰਡ ਪਾਠਾਂ ਦਾ ਪ੍ਰਵਾਹ ਚਲਦਾ ਰਿਹਾ। ਅਖੀਰਲੇ ਦਿਨ ਪਾਠਾਂ ਦੇ ਭੋਗ ਪਾਏ ਗਏ, ਪੰਥ ਦੇ ਮਹਾਨ ਜਥੇਦਾਰਾਂ, ਵਿਦਵਾਨਾਂ ਅਤੇ ਕਵੀਸ਼ਰਾਂ ਨੇ ਗੁਰਬਾਣੀ ਅਨੁਸਾਰ ਸੰਤਾਂ ਸਾਧਾਂ ਦੀ ਮਹਿਮਾ ਦਾ ਗਾਇਨ ਕੀਤਾ, ਗੁਰੂ ਇਤਿਹਾਸ ਵਿਚੋਂ ਸਾਖੀਆਂ ਸੁਣਾ ਕੇ ਨਾਮ-ਬਾਣੀ, ਸੇਵਾ ਦਾ ਮਹਾਤਮ ਦੱਸਿਆ ਅਤੇ ਗੁਰੂ ਜੀ ਦੇ ਦਰਸ਼ਨਾਂ ਦਾ ਲਾਭ ਦੱਸਦੇ ਹੋਏ ਸੰਗਤਾਂ ਨੂੰ ਆਪਣੇ ਮਨੋਹਰ ਕੀਰਤਨ ਰਾਹੀਂ ਨਿਹਾਲ ਕੀਤਾ। ਸੰਤ ਬਾਬਾ ਭਗਤ ਸਿੰਘ ਜੀ ਨੇ ਸਮਾਗਮ ਵਿਚ ਪਹੁੰਚੀ ਸੰਗਤ ਦਾ ਧੰਨਵਾਦ ਕਰਦੇ ਹੋਏ, ਸੰਤ ਬਾਬਾ ਕਾਲਾ ਸਿੰਘ ਜੀ ਦੇ ਮਹਾਨ ਜੀਵਨ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਐਸੇ ਮਹਾਨ ਸੰਤਾਂ ਦੀ ਤਾਂ ਦਰਗਾਹ ਵਿਚ ਵੀ ਪਹੁੰਚ ਹੈ।
ਇਸ ਮੌਕੇ ਸੰਤ ਬਾਬਾ ਛਿੰਦਾ ਸਿੰਘ ਜੀ ਦੇ ਵਰੋਸਾਏ ਸੰਤ ਬਾਬਾ ਸਰਪ੍ਰੀਤ ਸਿੰਘ ਜੀ, ਗੁਰਜੀਤ ਸਿੰਘ ਜੀ. ਬਾਬਾ ਹਰਜੀਤ ਸਿੰਘ, ਜਥੇਦਾਰ ਇਕਬਾਲ ਸਿੰਘ, ਜਥੇਦਾਰ ਗੁਰਦੀਪ ਸਿੰਘ, ਕਵੀਸ਼ਰ ਹਰਪਾਲ ਸਿੰਘ, ਸੂਬਾ ਦਰਸ਼ਨ ਸਿੰਘ, ਸੂਬਾ ਅਮਰੀਕ ਸਿੰਘ, ਸੂਬਾ ਰਤਨ ਸਿੰਘ, ਜਥੇਦਾਰ ਦਲਬੀਰ ਸਿੰਘ, ਮਾਤਾ ਚੰਦ ਕੌਰ ਐਕਸ਼ਨ ਕਮੇਟੀ ਦੇ ਪ੍ਰਧਾਨ ਮਾਸਟਰ ਸੁਖਦੇਵ ਸਿੰਘ, ਮਾਸਟਰ ਇਕਬਾਲ ਸਿੰਘ, ਰਾਗੀ ਭਾਈ ਭਗਤਾ ਸਿੰਘ, ਸੰਤ ਪਰਮਜੀਤ ਸਿੰਘ, ਨੁਸ਼ਹਿਰੇ ਤੋਂ ਸਾਧੂ ਸਿੰਘ ਅਤੇ ਬੀਰ ਸਿੰਘ ਦੇ ਜਥੇ ਨੇ ਵੀ ਸਮਾਗਮ ਵਿਚ ਆ ਕੇ ਆਪਣੀ ਹਾਜਰੀ ਭਰੀ। ਇਸ ਮੌਕੇ ਐਮ. ਐਲ. ਏ. ਹਰਪ੍ਰਤਾਪ ਸਿੰਘ ਅਜਨਾਲਾ, ਸ਼੍ਰੋਮਣੀ ਕਮੇਟੀ ਸ੍ਰੀ ਦਰਬਾਰ ਸਾਹਿਬ ਦੇ ਮੈਂਬਰ ਅਮਰੀਕ ਸਿੰਘ ਸ਼ਾਹਪੁਰ, ਸਾਬਕਾ ਐਮ.ਐਲ.ਏ. ਰਵੀਕਰਨ ਸਿੰਘ ਕਾਹਲੋਂ ਜਿਹੀਆਂ ਖਾਸ ਸ਼ਖ਼ਸੀਅਤਾਂ ਤੋਂ ਇਲਾਵਾ ਸਤਿਗੁਰੂ ਹੌਸਪੀਟਲ ਅੰਮ੍ਰਿਤਸਰ ਤੋਂ ਡਾਕਟਰ ਮਨਜੀਤ ਸਿੰਘ ਖਹਿਰਾ ਦੀ ਪੂਰੀ ਟੀਮ ਨੇ ਫ੍ਰੀ ਮੈਡੀਕਲ ਕੈਂਪ ਦੀ ਸੇਵਾ ਨਿਭਾਈ। ਮੰਚ ਦਾ ਸੰਚਾਲਨ ਸੁਰਿੰਦਰ ਸਿੰਘ, ਕਲਾਨੌਰ ਵਾਲਿਆਂ ਨੇ ਕੀਤਾ।
ਇਸ ਮੌਕੇ ਵਿਸ਼ਾਲ ਸੰਗਤਾਂ ਆ ਕੇ ਨਤਮਸਤਕ ਹੋਈਆਂ ਅਤੇ ਮਨੋਕਾਮਨਾ ਪੂਰਤੀ ਲਈ ਅਰਦਾਸਾਂ ਕਰਵਾਈਆਂ। ਸਾਰਾ ਦਿਨ ਗੁਰੂ ਦਾ ਲੰਗਰ ਅਤੁੱਟ ਵਰਤਿਆ।