ਪਟਿਆਲਾ,18 ਮਈ ( )- ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ.ਸਿੰਘ ਓਬਰਾਏ ਇੱਕ ਵਾਰ ਮੁੜ ਲੋੜਵੰਦ ਪਰਿਵਾਰ ਲਈ ਫਰਿਸ਼ਤਾ ਬਣ ਕੇ ਬਹੁੜਦਿਅਾਂ ਪਟਿਆਲਾ ਜ਼ਿਲ੍ਹਾ ਦੇ ਸਨੌਰ ਹਲਕੇ ਦੇ ਮੀਰਾਂਪੁਰ ਪਿੰਡ ‘ਚ ਅਾਪਣੀਅਾਂ ਤਿੰਨ ਧੀਅਾਂ ਤੇ ਇੱਕ ਪੁੱਤ ਨਾਲ ਤਰਪਾਲ ਦੀ ਬਣੀ ਛੰਨ ‘ਚ ਰਹਿਣ ਵਾਲੀ ਇੱਕ ਬੇਵੱਸ ਅੌਰਤ ਨੂੰ ਘਰ ਬਣਾ ਦਿੱਤਾ ਹੈ।
ਨਵੇਂ ਬਣੇ ਘਰ ਦਾ ਉੱਚੇਚੇ ਤੌਰ ਤੇ ਉਦਘਾਟਨ ਕਰਨ ਪਹੁੰਚੇ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਪਿਛਲੇ ਦਿਨੀਂ ਮੀਰਾਂਪੁਰ ਦੀ ਪੰਚਾਇਤ ਵਲੋਂ ਉਨ੍ਹਾਂ ਨੂੰ ਪਿੰਡ ਦੀ ਸ਼ਾਮਲਾਟ ਜਮੀਨ ਵਿੱਚ ਪਰਮਜੀਤ ਕੌਰ ਨਾਂ ਦੀ ਉਸ ਔਰਤ ਦਾ ਮਕਾਨ ਬਣਾਉਣ ਲਈ ਕਿਹਾ ਸੀ। ਜਿਸ ਨੂੰ ਵੇਖਦਿਆਂ ਉਨ੍ਹਾਂ ਅਾਪਣੇ ਸਾਥੀ ਗੁਰਜੀਤ ਸਿੰਘ ਓਬਰਾਏ,ਪ੍ਰਧਾਨ ਜੱਸਾ ਸਿੰਘ ਸੰਧੂ,ਜਨਰਲ ਸਕੱਤਰ ਗਗਨਦੀਪ ਸਿੰਘ ਅਹੂਜਾ ਅਤੇ ਡਾ.ਡੀ.ਐੱਸ.ਗਿੱਲ ਨਾਲ 29 ਜਨਵਰੀ ਨੂੰ ਪਿੰਡ ਦਾ ਦੌਰਾ ਕਰ ਕੇ ਵੇਖਿਆ ਕਿ ਸਬੰਧਿਤ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਤਰਪਾਲ ਹੇਠ ਰਹਿ ਰਹੀ ਸੀ ਅਤੇ ਬਰਸਾਤ ਤੇ ਠੰਢ ਦੇ ਦਿਨਾਂ ਵਿੱਚ ਉਸ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ । ਉਨ੍ਹਾਂ ਦੱਸਿਆ ਕਿ ਉਨ੍ਹਾਂ ਹਾਲਾਤਾਂ ਨੂੰ ਵੇਖਦਿਆਂ ਮੌਕੇ ਤੇ ਹੀ ਇਸ ਔਰਤ ਨੂੰ ਨਵਾਂ ਘਰ ਬਣਾ ਕੇ ਦੇਣ ਦਾ ਫ਼ੈਸਲਾ ਕੀਤਾ ਸੀ।ਜਿਸ ਤਹਿਤ ਟਰੱਸਟ ਵੱਲੋਂ ਅੱਜ ਨਵਾਂ ਘਰ ਬਣਾ ਕੇ ਉਸ ਔਰਤ ਨੂੰ ਸੌਂਪ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਪਰਮਜੀਤ ਕੌਰ ਨੂੰ ਘਰ ਦੇ ਗੁਜ਼ਾਰੇ ਲਾਈ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵੀ ਦਿੱਤੀ ਜਾ ਰਹੀ ਹੈ ।
ਉਨ੍ਹਾਂ ਦੱਸਿਅਾ ਕਿ ਪਰਮਜੀਤ ਕੌਰ ਦਾ ਵਿਆਹ 14 ਸਾਲ ਪਹਿਲਾਂ ਯੂ.ਪੀ.’ਚ ਹੋਇਆ ਸੀ ਅਤੇ ਡਰਾਈਵਰ ਦੀ ਨੌਕਰੀ ਕਰਦੇ ਉਸ ਦਾ ਪਤੀ ਕਈ ਸਾਲਾਂ ਤੋਂ ਘਰ ਵਾਪਸ ਨਹੀਂ ਆਇਆ,ਜਿਸ ਕਾਰਨ ਪਰਮਜੀਤ ਕੌਰ ਆਪਣੀ ਮਾਤਾ ਸੁਰਜੀਤ ਕੌਰ ਦੇ ਘਰ ਆ ਗਈ ਅਤੇ ਮਾੜੇ ਹਾਲਾਤਾਂ ਵਿੱਚ ਆਪਣੀ ਮਾਂ ਦੇ ਨਾਲ ਹੀ ਰਹਿਣ ਲਈ ਮਜ਼ਬੂਰ ਸੀ। ਪਰਮਜੀਤ ਕੌਰ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਕਰ ਰਹੀ ਹੈ। ਡਾ. ਓਬਰਾਏ ਅਨੁਸਾਰ ਹੁਣ ਤੱਕ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪੰਜਾਬ ਸਮੇਤ ਨੇੜਲੇ ਸੂਬਿਆਂ ਅੰਦਰ 800 ਤੋਂ ਵਧੇਰੇ ਲੋੜਵੰਦ ਪਰਿਵਾਰਾਂ ਨੂੰ ਘਰ ਬਣਾ ਕੇ ਦਿੱਤੇ ਜਾ ਚੁੱਕੇ ਹਨ।
ਪਿੰਡ ਮੀਆਂਪੁਰ ਦੇ ਸਰਪੰਚ ਜੀਤ ਸਿੰਘ ਸਮੇਤ ਸਮੁੱਚੀ ਪੰਚਾਇਤ ਨੇ ਇਸ ਨੇਕ ਉਪਰਾਲੇ ਲਈ ਡਾ.ਐਸ.ਪੀ. ਸਿੰਘ ਓਬਰਾਏ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ।