ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਗ੍ਰੀਵੈਂਸ ਰਿਡਰੈਸਲ ਸੈੱਲ ਵੱਲੋਂ ਹਰੀਆਂ ਚਿੜੀਆਂ ਪੋ੍ਰਜੈਕਟ ਅਧੀਨ ਪੁਰਾਣੇ ਕਪੜਿਆਂ ਤੋਂ ਬਣੇ ਸਾਮਾਨ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਨੂੰ ਬਹੁਤ ਭਰਵਾਂ ਹੁੰਗਾਰਾ ਮਿਲਿਆ ਅਤੇ ਸਭ ਵੱਲੋਂ ਪੁਰਾਣੇ ਸਾਮਾਨ ਤੋਂ ਬਣੀਆਂ ਸਜਾਵਟੀ ਅਤੇ ਵਰਤੋਂਯੋਗ ਚੀਜ਼ਾਂ ਨੂੰ ਸਰਾਹਿਆ ਗਿਆ ਅਤੇ ਖਰੀਦ ਵੀ ਕੀਤੀ ਗਈ। ਵਾਤਾਵਰਣ ਦੀ ਸੰਭਾਲ, ਮਹਿਲਾ ਸਸ਼ਕਤੀਕਰਨ ਅਤੇ ਰੋਜ਼ਗਾਰ ਪੈਦਾ ਕਰਨ ਲਈ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵੱਲੋਂ ਹਰੀਆਂ ਚਿੜੀਆਂ ਪੋ੍ਰਜੈਕਟ ਰਾਹੀਂ ਸ. ਅਜੀਤ ਸਿੰਘ ਫਾਊਂਡੇਸ਼ਨ ਸੋਸਾਇਟੀ ਨੂੰ ਪੂਰਨ ਸਹਿਯੋਗ ਦੇਣ ਦਾ ਇਕਰਾਰ ਕੀਤਾ ਗਿਆ ਹੈ ਜਿਸ ਤਹਿਤ ਇਹ ਪ੍ਰਦਰਸ਼ਨੀ ਅਤੇ ਸੇਲ ਆਯੋਜਿਤ ਕੀਤੀ ਗਈ ਤਾਂ ਕਿ ਇਸ ਪ੍ਰੋਜੈਕਟ ਅਧੀਨ ਕੰਮ ਕਰ ਰਹੀਆਂ ਲੜਕੀਆਂ ਦਾ ਬਣਾਇਆ ਸਾਮਾਨ ਵਿਕ ਸਕੇ ਅਤੇ ਉਹ ਰੁਜ਼ਗਾਰ ਕਮਾ ਸਕਣ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਇਸ ਪ੍ਰਦਰਸ਼ਨੀ ਵਿੱਚ ਸਟਾਫ ਸਮੇਤ ਸ਼ਿਰਕਤ ਕੀਤੀ। ਉਨ੍ਹਾਂ ਇਸ ਮੌਕੇ ਕਿਹਾ ਕਿ ਸ. ਅਜੀਤ ਸਿੰਘ ਫਾਊਂਡੇਸ਼ਨ ਦਾ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਦੇ ਅੰਤਰਗਤ 10 ਲੜਕੀਆਂ ਦਾ ਇੱਕ ਸਮੂਹ ਪੁਰਾਣੇ ਕੱਪੜੇ ਇੱਕਠੇ ਕਰਕੇ ਉਨ੍ਹਾਂ ਤੋਂ ਬੈਗ, ਥੈਲੇ, ਪਰਸ, ਪਾਏਦਾਨ ਆਦਿ ਤਿਆਰ ਕਰਦਾ ਹੈ। ਉਨ੍ਹਾਂ ਕਿਹਾ ਕਿ ਉਕਤ ਸੋਸਾਇਟੀ ਦੀ ਪ੍ਰਧਾਨ ਰਮਨਪ੍ਰੀਤ ਕੌਰ ਦੇ ਸੁਚੱਜੇ ਯਤਨਾਂ ਸਦਕਾ ਇਹ ਸਮਾਜ ਸੇਵੀ ਸੰਸਥਾ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਵਾਤਾਵਰਨ ਦੀ ਸੰਭਾਲ ਅਤੇ ਇੱਕ ਈਕੋ-ਫ੍ਰੈਂਡਲੀ ਵਾਤਾਵਰਨ ਸਿਰਜਣ ਲਈ ਹਮੇਸ਼ਾ ਵਚਨਬਧ ਹੈ। ਇਸ ਖੇਤਰ ਵਿੱਚ ਅੱਗੇ ਵਧਦਿਆਂ ਸਾਡੇ ਕਾਲਜ ਨੇ ਸ. ਅਜੀਤ ਸਿੰਘ ਫਾਊਂਡੇਸ਼ਨ ਨਾਲ ਹਰੀਆਂ ਚਿੜੀਆਂ ਪ੍ਰੋਜੈਕਟ ਤਹਿਤ ਐਮ.ਓ.ਯੂ. ’ਤੇ ਦਸਤਖਤ ਕੀਤੇ ਹਨ। ਸੋਸਾਇਟੀ ਦੀ ਪ੍ਰਧਾਨ ਰਮਨਪ੍ਰੀਤ ਕੌਰ ਨੇ ਦੱਸਿਆ ਕਿ ਸ. ਅਜੀਤ ਸਿੰਘ ਫਾਊਂਡੇਸ਼ਨ ਦੁਆਰਾ ਇੱਕ ਪ੍ਰੋਜੈਕਟ ਦੇ ਤਹਿਤ ਪਲਾਸਟਿਕ ਦੇ ਲਿਫਾਫਿਆਂ ਦੀ ਥਾਂ ਕੱਪੜੇ ਦੇ ਬਣਾਏ ਥੈਲੇ ਵਰਤ ਕੇ ਪਲਾਸਟਿਕ ਨਾਲ ਵਾਤਾਵਰਨ ਨੂੰ ਦਰਪੇਸ਼ ਖਤਰਿਆਂ ਤੋਂ ਬਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਤਿਆਰ ਕੀਤੇ ਗਏ ਸਮਾਨ ਨੂੰ ਵੇਚ ਕੇ ਕੁੜੀਆਂ ਤੇ ਔਰਤਾਂ ਲਈ ਰੁਜ਼ਗਾਰ ਪੈਦਾ ਕੀਤਾ ਜਾਂਦਾ ਹੈ। ਇਸ ਪ੍ਰਦਰਸ਼ਨੀ ਵਿੱਚ ਕਾਲਜ ਦੇ ਐਨ.ਐਸ.ਐਸ. ਯੂਨਿਟ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਰਪੂਰ ਸਹਿਯੋਗ ਦਿੱਤਾ। ਇਸ ਪ੍ਰਦਰਸ਼ਨੀ ਦੇ ਕੋਆਰਡੀਨੇਟਰ ਡਾ. ਗਗਨਦੀਪ ਕੌਰ ਵੱਲੋਂ ਸ. ਅਜੀਤ ਸਿੰਘ ਫਾਊਂਡੇਸ਼ਨ ਸੋਸਾਇਟੀ ਦਾ ਧੰਨਵਾਦ ਕੀਤਾ ਗਿਆ ਅਤੇ ਅਜਿਹੀਆਂ ਪ੍ਰਦਰਸ਼ਨੀਆਂ ਆਯੋਜਿਤ ਕਰਨ ਲਈ ਉਤਸਾਹਿਤ ਕੀਤਾ। ਇਸ ਮੌਕੇ ਪ੍ਰੋ. ਅਰੁਣਜੀਤ ਕੌਰ, ਪੋ੍ਰ. ਜਸਵਿੰਦਰ ਕੌਰ, ਡਾ. ਉਪਮਾ ਅਰੋੜਾ, ਡਾ. ਹੇਮਿੰਦਰ ਸਿੰਘ ਅਤੇ ਪ੍ਰੋ. ਸਰਬਜੀਤ ਸਿੰਘ ਨੇ ਹਾਜ਼ਰੀ ਭਰ ਕੇ ਸਭ ਦਾ ਹੌਂਸਲਾ ਵਧਾਇਆ