ਫਗਵਾੜਾ :- (ਸ਼ਿਵ ਕੋੜਾ) ਫਗਵਾੜਾ ‘ਚ ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਤਗੜਾ ਝਟਕਾ ਲੱਗਾ ਜਦੋਂ ਦੋ ਸੀਨੀਅਰ ਭਾਜਪਾ ਆਗੂਆਂ ਹਰੀ ਸਿੰਘ ਬੈਂਸ ਤੇ ਅਮਰਜੀਤ ਸਿੰਘ ਸਹੋਤਾ ਨੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਦੀ ਹਾਜਰੀ ‘ਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਪੰਜਾਬ ਅੰਦਰ ਇਕੱਲਿਆਂ ਵਿਧਾਨਸਭਾ ਚੋਣ ਲੜਨ ਦਾ ਸੁਪਨਾ ਦੇਖ ਰਹੀ ਭਾਜਪਾ ਲਈ ਫਗਵਾੜਾ ‘ਚ ਇਹ ਵੱਡਾ ਨੁਕਸਾਨ ਹੈ। ਜੋਗਿੰਦਰ ਸਿੰਘ ਮਾਨ ਨੇ ਉਕਤ ਆਗੂਆਂ ਨੂੰ ਸਿਰੋਪੇ ਪਾ ਕੇ ਪਾਰਟੀ ‘ਚ ਸ਼ਾਮਲ ਹੋਣ ਉਪਰੰਤ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਹਰਮਨ ਪਿਆਰੇ ਆਗੂ ਹਨ ਅਤੇ ਕਾਂਗਰਸ ਪਾਰਟੀ ਨੇ ਸੂਬੇ ਦੇ ਹਿਤਾਂ ਦਾ ਹਮੇਸ਼ਾ ਖਿਆਲ ਰੱਖਿਆ ਹੈ ਜਿਸ ਕਰਕੇ ਹਰ ਪੰਜਾਬੀ ਕਾਂਗਰਸ ਪਾਰਟੀ ਨੂੰ ਪਸੰਦ ਕਰਦਾ ਹੈ। ਉਹਨਾਂ ਕਿਹਾ ਕਿ ਕਿਸਾਨੀ ਦੇ ਮਸਲੇ ਤੇ ਜਿਸ ਤਰਾ ਮੁੱਖਮੰਤਰੀ ਪੰਜਾਬ ਨੇ ਸਟੈਂਡ ਲਿਆ ਹੈ ਉਸ ਤੋਂ ਹਰ ਪੰਜਾਬੀ ਪ੍ਰਭਾਵਿਤ ਹੈ। ਉਹਨਾਂ ਉਕਤ ਦੋਵੇਂ ਆਗੂਆਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਵਿਚ ਉਹਨਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਨੌਜਵਾਨ ਕਾਂਗਰਸੀ ਆਗੂ ਚਿਤਰੇਸ਼ ਸ਼ਰਮਾ, ਚੇਤਨ ਸ਼ਰਮਾ, ਤੀਰਥ ਸਿੰਘ ਡੁਮੇਲੀ, ਕਿਰਪਾਲ ਸਿੰਘ, ਰਾਜਾ ਰਾਮਪੁਰ ਖਲਿਆਣ ਆਦਿ ਹਾਜਰ ਸਨ।