ਲੁਧਿਆਣਾ : ਕਰੋਨਾ ਵਾਇਰਸ ਦੀ ਰੋਕਥਾਮ ਲਈ ਜੇਲ ਪ੍ਰਸ਼ਾਸਨ ਵੀ ਉਚਿਤ ਕਦਮ ਚੁੱਕਣ ਦੀ ਤਿਆਰੀ ਕਰ ਰਿਹਾ ਹੈ । ਸੈਂਟਰਲ ਜੇਲ੍ਹ ਲੁਧਿਆਣਾ ਦਾ ਪ੍ਰਸ਼ਾਸਨ ਸਵਾ ਦੋ ਸੌ ਦੇ ਕਰੀਬ ਹਵਾਲਾਤੀਆਂ ਨੂੰ ਛੇ ਹਫ਼ਤੇ ਦੀ ਇੰਟਰਮ ਬੇਲ ਤੇ ਛੱਡ ਰਿਹਾ ਹੈ । ਕਰੋਨਾ ਵਾਇਰਸ ਦੇ ਖਤਰੇ ਨੂੰ ਮੱਦੇਨਜ਼ਰ ਰੱਖਦਿਆਂ ਜੇਲ੍ਹ ਪ੍ਰਸ਼ਾਸਨ ਜੇਲ੍ਹਾਂ ਚੋਂ ਬੰਦੀਆਂ ਦੀ ਗਿਣਤੀ ਘਟਾਉਣ ਵੱਲ ਧਿਆਨ ਦੇ ਰਿਹਾ ਹੈ । ਸਰਕਾਰ ਦੇ ਆਦੇਸ਼ ਤੋਂ ਬਾਅਦ ਲੁਧਿਆਣਾ ਸੈਂਟਰਲ ਜੇਲ੍ਹ ਦੇ ਪ੍ਰਸ਼ਾਸਨ ਨੇ ਬੰਦੀਆਂ ਦੀ ਗਿਣਤੀ ਘਟਾਉਣ ਲਈ ਕੁਝ ਹਵਾਲਾਤੀਆਂ ਨੂੰ ਅੰਤਰਿਮ ਜ਼ਮਾਨਤ ਤੇ ਛੱਡਣ ਦਾ ਫੈਸਲਾ ਕੀਤਾ ਹੈ । ਸੂਤਰਾਂ ਮੁਤਾਬਕ ਜੇਲ੍ਹ ਪ੍ਰਸ਼ਾਸਨ ਉਨ੍ਹਾਂ ਹਵਾਲਾਤੀਆਂ ਨੂੰ ਛੱਡੇਗਾ ਜਿਨ੍ਹਾਂ ਮਾਮਲਿਆਂ ਵਿੱਚ ਸੱਤ ਜਾਂ ਸੱਤ ਸਾਲ ਤੋਂ ਘੱਟ ਦੀ ਸਜ਼ਾ ਦਾ ਪ੍ਰੋਵੀਜ਼ਨ ਹੋਵੇ । ਹਵਾਲਾਤੀਆਂ ਦੀ ਜ਼ਮਾਨਤ ਲੈਣ ਲਈ ਕੁਝ ਹਵਾਲਾਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਤਾਂ ਪਰਸਨਲ ਬਾਂਡ ਵੀ ਭਰਵਾ ਦਿੱਤੇ ਹਨ ,ਜਿਨ੍ਹਾਂ ਦੀ ਰਿਹਾਈ ਸ਼ੁੱਕਰਵਾਰ ਦੇਰ ਸ਼ਾਮ ਤੱਕ ਹੋ ਸਕਦੀ ਹੈ । ਸੂਤਰਾਂ ਮੁਤਾਬਕ ਕੁਝ ਹੋਰ ਹਵਾਲਾਤੀਆਂ ਨੂੰ ਵੀ ਬਾਂਡ ਭਰਵਾਉਣ ਤੋਂ ਬਾਅਦ ਛੱਡ ਦਿੱਤਾ ਜਾਵੇਗਾ ।