ਫਗਵਾੜਾ 28 ਅਪ੍ਰੈਲ (ਸ਼਼ਿਵ ਕੋੋੜਾ) ਆਮ ਆਦਮੀ ਪਾਰਟੀ ਵਲੋਂ ਹਾਕੀ ਉਲੰਪੀਅਨ ਸੁਰਿੰਦਰ ਸਿੰਘ ਸੋਢੀ (ਸੇਵਾ ਮੁਕਤ ਆਈ.ਜੀ. ਪੰਜਾਬ ਪੁਲਿਸ) ਨੂੰ ਜਿਲਾ ਜਲੰਧਰ ਦਾ ਪ੍ਰਧਾਨ ਨਿਯੁੱਕਤ ਕੀਤੇ ਜਾਣ ਦੀ ਫਗਵਾੜਾ ਦੀਆਂ ਵੱਖੋ-ਵੱਖਰੀਆਂ ਸਮਾਜ ਸੇਵੀ ਜੱਥੇਬੰਦੀਆਂ ਨੇ ਭਰਪੂਰ ਸਵਾਗਤ ਕੀਤਾ ਹੈ। ਸ਼ਹੀਦ ਭਗਤ ਸਿੰਘ ਯਾਦਗਾਰੀ ਸੁਸਾਇਟੀ, ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਅਤੇ ਸਿਟੀ ਮੈਨ ਵੈਲਫੇਅਰ ਕਲੱਬ ਦੇ ਆਹੁਦੇਦਾਰਾਂ ਸੁਖਵਿੰਦਰ ਸਿੰਘ, ਉਂਕਾਰ ਜਗਦੇਵ, ਰਾਜੀਵ ਦਿਕਸ਼ਿਤ, ਰਾਜ ਕੁਮਾਰ ਕਨੌਜੀਆ, ਡਾ: ਕੁਲਦੀਪ ਸਿੰਘ, ਡਾ: ਵਿਜੈ ਕੁਮਾਰ, ਸਾਹਿਬਜੀਤ ਸਾਬੀ, ਕੁਲਤਾਰ ਬਸਰਾ, ਜਸ਼ਨ ਮਹਿਰਾ, ਹਨੀ ਮਹਿਰਾ, ਰਵਿੰਦਰ ਸਿੰਘ ਰਾਏ, ਡਾ: ਨਰੇਸ਼ ਬਿੱਟੂ, ਸ਼ਿਵ ਕੁਮਾਰ ਤੋਂ ਇਲਾਵਾ ਹਰਜੀਤ ਸਿੰਘ, ਬਹਾਦਰ ਸਿੰਘ ਤੇ ਕਮਲ ਨੇ ‘ਆਪ’ ਪਾਰਟੀ ਦੇ ਇਸ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਇਕ ਸਮਾਜ ਸੇਵਕ ਅਤੇ ਹਾਕੀ ਦੇ ਉੱਘੇ ਖਿਡਾਰੀ ਹਨ, ਜਿਹਨਾ ਨੇ ਖ਼ਾਸ ਕਰਕੇ ਕੰਮਜ਼ੋਰ ਵਰਗ ਦੇ ਲੋਕਾਂ ਦੀ ਆਪਣੀ ਸਰਵਿਸ ਦੇ ਦੌਰਾਨ ਵੀ ਬਾਂਹ ਫੜੀ ਅਤੇ ਸੇਵਾ ਮੁਕਤੀ ਉਪਰੰਤ ਵੀ ਉਹ ਲੋਕਾਂ ਦੇ ਮਸਲਿਆਂ ਪ੍ਰਤੀ ਸੰਜੀਦਾ ਹੋ ਕੇ ਕੰਮ ਕਰਦੇ ਰਹੇ ਹਨ। ਉਲੰਪੀਅਨ ਸੁਰਿੰਦਰ ਸਿੰਘ ਜਿੱਥੇ ਚੰਗੇ ਪ੍ਰਸ਼ਾਸ਼ਕ ਰਹੇ ਹਨ, ਉਥੇ ਉਹ ਆਮ ਲੋਕਾਂ ਦੇ ਦੁੱਖਾਂ-ਦਰਦਾਂ ਦੇ ਭਾਈਵਾਲ ਬਣਕੇ ਸਮਾਜ ਵਿੱਚ ਵਿਚਰਦੇ ਰਹੇ ਹਨ ਅਤੇ ਲੋਕ-ਭਲਾਈ ਕੰਮਾਂ ਪ੍ਰਤੀ ਹਰ ਸਮੇਂ ਸਰਗਰਮ ਰਹਿੰਦੇ ਹਨ।