ਊਨਾ : ਕੋਰੋਨਾ ਦੇ ਵਧਦੇ ਹੋਏ ਪ੍ਰਭਾਵ ਨੂੰ ਦੇਖਦੇ ਹੋਏ ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ 23 ਅਪ੍ਰੈਲ ਤੋਂ ਪ੍ਰਸਿੱਧ ਸ਼ਕਤੀ ਪੀਠ ਮਾਤਾ ਨੈਣਾ ਦੇਵੀ ਸਮੇਤ ਸਾਰੇ ਧਾਰਮਿਕ ਅਸਥਾਨ ਆਮ ਸੰਗਤਾਂ ਦੇ ਦਰਸ਼ਨ ਲਈ ਬੰਦ ਕਰ ਦਿੱਤੇ ਗਏ ਹਨ । ਇਸ ਦੀ ਪੁਸ਼ਟੀ ਕਰਦੇ ਹੋਏ ਮਾਤਾ ਨੈਣਾ ਦੇਵੀ ਮੰਦਰਾਂ ਦੇ ਅਧਿਕਾਰੀ ਚੌਧਰੀ ਹੁਸਨ ਚੰਦ ਨੇ ਦੱਸਿਆ ਕਿ ਕੋਵਿਡ ਦੇ ਵਧਦੇ ਹੋਏ ਪ੍ਰਭਾਵ ਨੂੰ ਦੇਖਦੇ ਹੋਏ ਪ੍ਰਸਿੱਧ ਸ਼ਕਤੀ ਪੀਠ ਮਾਤਾ ਨੈਣਾ ਦੇਵੀ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਬੰਦ ਕਰ ਦਿੱਤਾ ਗਿਆ ਹੀ ਅਤੇ ਹੁਣ ਸੰਗਤ ਆਪਣੇ ਘਰ ਬੈਠੇ ਹੀ ਮਾਤਾ ਦੇ ਦਰਸ਼ਨ ਕਰ ਸਕਣਗੇ । ਉਨ੍ਹਾਂ ਦੱਸਿਆ ਕਿ ਮੰਦਿਰ ਦੀ ਪ੍ਰੰਪਰਾਗਤ ਪੂਜਾ ਦਾ ਕੰਮ ਹੋਵੇਗਾ ਤੇ ਡਿਊਟੀ ਸਟਾਫ ਹਾਜ਼ਰ ਰਹੇਗਾ । ਇਥੇ ਇਹ ਵੀ ਦੱਸਣਾ ਬਣਦਾ ਹੈ ਹਿਮਾਚਲ ਪ੍ਰਦੇਸ਼ ਵਿਚ ਹਿੰਦੂ ਧਰਮ ਨਾਲ ਸੰਬੰਧਿਤ ਪੰਜ ਸ਼ਕਤੀ ਪੀਠ ਹਨ ਜਿਨ੍ਹਾਂ ਵਿਚ ਮਾਤਾ ਨੈਣਾ ਦੇਵੀ , ਮਾਤਾ ਜਵਾਲਾ ਜੀ , ਮਾਤਾ ਚਿੰਤਪੂਰਨੀ , ਮਾਤਾ ਬ੍ਰਿਜੇਸ਼੍ਵਰੀ , ਮਾਤਾ ਚਮੁੰਡਾ ਦੇਵੀ ਦੇ ਨਾਮ ਸ਼ਾਮਿਲ ਹਨ । ਸਿੱਧ ਬਾਬਾ ਬਲਾਕ ਨਾਥ ਅਤੇ ਹੋਰ ਮੰਦਿਰ ਵੀ ਬੰਦ ਰਹਿਣਗੇ । ਇਨ੍ਹਾਂ ਮੰਦਰਾਂ ਵਿਚ ਉਤਰੀ ਭਾਰਤ ਦੇ ਨਾਲ ਨਾਲ ਪੰਜਾਬ ਦੀ ਵੱਡੀ ਗਿਣਤੀ ਸੰਗਤਾਂ ਮੱਥਾ ਟੇਕਣ ਪਹੁੰਚਦੀ ਹੈ ।