ਫਗਵਾੜਾ 4 ਦਸੰਬਰ (ਸ਼ਿਵ ਕੋੜਾ) ਬਲਾਕ ਕਾਂਗਰਸ ਫਗਵਾੜਾ ਦਿਹਾਤੀ ਦੇ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਅਗਾਹ ਕੀਤਾ ਹੈ ਕਿ ਸੱਤਾ ਦੇ ਹੰਕਾਰ ਨੂੰ ਛੱਡ ਕੇ ਕਿਸਾਨਾ ਦੀ ਮੰਗ ਨੂੰ ਪੂਰਾ ਕੀਤਾ ਜਾਵੇ ਨਹੀਂ ਤਾਂ ਪਿਛਲੇ ਅੱਠ ਦਿਨ ਤੋਂ ਸਿੰਘੂ ਬਾਰਡਰ ਤੇ ਬੈਠੇ ਪੰਜਾਬ ਦੇ ਲੱਖਾਂ ਕਿਸਾਨ ਭੜਕ ਸਕਦੇ ਹਨ ਅਤੇ ਉਸ ਸਥਿਤੀ ਨੂੰ ਸੰਭਾਲਣਾ ਮੋਦੀ ਸਰਕਾਰ ਲਈ ਸੰਭਵ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਕਿਸੇ ਵੀ ਲਿਹਾਜ ਨਾਲ ਕਿਸਾਨਾ ਦੇ ਹਿਤ ਵਿਚ ਨਹੀਂ ਹਨ। ਇਹ ਕਾਨੂੰਨ ਕਿਸਾਨਾ ਨੂੰ ਕਾਰਪੋਰੇਟ ਕੰਪਨੀਆਂ ਦੇ ਅੱਗੇ ਸਮਰਪਣ ਕਰਨ ਲਈ ਮਜਬੂਰ ਕਰ ਦੇਣਗੇ। ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਇਹਨਾਂ ਕਾਨੂੰਨਾਂ ਸਬੰਧੀ ਡਰਾਫਟ ਤਿਆਰ ਕਰਦੇ ਸਮੇਂ ਕਿਸਾਨ ਜੱਥੇਬੰਦੀਆਂ ਨੂੰ ਭਰੋਸੇ ਵਿਚ ਲਿਆ ਜਾਂਦਾ। ਹੁਣ ਜਿਸ ਤਰ•ਾਂ ਕਿਸਾਨ ਅੰਦੋਲਨ ਨੂੰ ਗੱਲਬਾਤ ਦੇ ਨਾਮ ਤੇ ਲੰਬਾ ਖਿੱਚਿਆ ਜਾ ਰਿਹਾ ਹੈ ਉਸ ਨਾਲ ਮੋਦੀ ਸਰਕਾਰ ਨੂੰ ਕੁਝ ਵੀ ਹਾਸਲ ਨਹੀਂ ਹੋਵੇਗਾ। ਕਿਸਾਨਾ ਦੀ ਇੱਕ ਹੀ ਮੰਗ ਹੈ ਕਿ ਉਕਤ ਕਾਨੂੰਨ ਰੱਦ ਕੀਤੇ ਜਾਣ ਅਤੇ ਕਿਸਾਨਾ ਦੀ ਇਸ ਮੰਗ ਨੂੰ ਸਵੀਕਾਰ ਕਰਨਾ ਹੀ ਕਿਸਾਨਾ ਦੇ ਨਾਲ ਮੋਦੀ ਸਰਕਾਰ ਦੇ ਹਿਤ ਵਿਚ ਹੈ।