ਫਗਵਾੜਾ (ਸ਼ਿਵ ਕੋੜਾ) ਡੇਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂਆਂ ਗੁਰਮੁਖ ਲੋਕਪ੍ਰੇਮੀ,ਬੀਬੀ ਕੁਲਵਿੰਦਰ ਕੌਰ ਅਤੇ ਬੀਬੀ ਪੁਸ਼ਪਿੰਦਰ ਕੌਰ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਲੰਘੀ14 ਸਤੰਬਰ ਨੂੰ ਦੇਸ਼ ਭਗਤ ਹਾਲ ਜਲੰਧਰ ਵਿਖੇ ਪੰਜਾਬ ਤੇ ਯੂ ਟੀ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹੇਠ ਆਪਣੇ ਹੱਕਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰਦੇ ਮੁਲਾਜ਼ਮ ਆਗੂਆਂ ਤੇ ਜਲੰਧਰ ਪੁਲਿਸ ਵੱਲੋਂ ਕੀਤੇ ਪਰਚੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਹਨਾਂ ਦੱਸਿਆ ਕਿ ਮੁਲਾਜ਼ਮਾਂ ਤੇ ਦਿਨੋ ਦਿਨ ਹੋ ਰਹੇ ਸਰਕਾਰੀ ਵਾਰਾਂ ਅਤੇ ਚਿਰਾਂ ਤੋਂ ਲਟਕਦੀਆਂ ਮੰਗਾਂ ਦੇ ਰੋਸ ਵਜੋਂ ਮੋਰਚੇ ਦੇ ਸੂਬਾਈ ਸੱਦੇ ਤੇ ਪੰਜਾਬ ਭਰ ਚ ਪ੍ਰਦਰਸ਼ਨ ਹੋਏ ਸਨ। ਪਰ ਜਲੰਧਰ ਪੁਲਿਸ ਨੇ ਡੀ ਐੱਸ ਪੀ ਸਤਿੰਦਰ ਚੱਢਾ ਦੀ ਅਗਵਾਈ ਚ ਸਾਡੇ ਆਗੂਆਂ ਸਾਥੀ ਹਰਿੰਦਰ ਦੁਸਾਂਝ,ਕੁਲਵਿੰਦਰ ਜੋਸਨ ਅਤੇ ਕਮਲਜੀਤ ਸੰਗੋਵਾਲ ਸਮੇਤ ਦਰਜਨ ਤੋਂ ਵੱਧ ਸਾਥੀਆਂ ਤੇ ਪੁਲਿਸ ਪਰਚਾ ਦਰਜ ਕਰ ਦਿੱਤਾ।ਇਹਨਾਂ ਵਿੱਚ ਅੱਠ ਬੀਬੀਆਂ ਵੀ ਸ਼ਾਮਿਲ ਹਨ। ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਦਰਜ ਪਰਚੇ ਲੋਕਤੰਤਰ ਦਾ ਸਿੱਧਾ ਸਿੱਧਾ ਘਾਣ ਹਨ। ਜੇਕਰ ਸਰਕਾਰਾਂ ਨੂੰ ਪ੍ਰਦਰਸ਼ਨਾਂ ਤੋਂ ਏਨਾ ਭੈਅ ਆਉਂਦਾ ਹੈ ਤਾਂ ਧਰਨੇ ਪ੍ਰਦਰਸ਼ਨਾਂ ਦੀ ਨੌਬਤ ਹੀ ਕਿਉਂ ਆਉਣ ਦਿੰਦੀ ਹੈ? ਮੰਗਾਂ ਮੰਨ ਕੇ ਲੋਕਾਂ ਨੂੰ ਸੰਤੁਸ਼ਟ ਕਿਉਂ ਨਹੀਂ ਕੀਤਾ ਜਾਂਦਾ? ਤਿੰਨਾਂ ਆਗੂਆਂ ਨੇ ਕਿਹਾ ਕਿ ਸਰਕਾਰਾਂ ਦੀ ਦਮਨਕਾਰੀ ਨੀਤੀ ਨਾਲ ਹੱਕੀ ਸੰਘਰਸ਼ ਰੁਕਣਗੇ ਨਹੀਂ ਸਗੋਂ ਹੋਰ ਜੋਸ਼ ਨਾਲ ਵਧਣਗੇ। ਜੇਕਰ ਉਪਰੋਕਤ ਪਰਚਾ ਰੱਦ ਨਾਂ ਕੀਤਾ ਗਿਆ ਤਾਂ ਜਲੰਧਰ ਪ੍ਰਸ਼ਾਸਨ   ਤਕੜੇ ਤੇ ਤਿੱਖੇ ਵਿਰੋਧ ਪ੍ਰਦਰਸ਼ਨ ਲਈ ਤਿਆਰ ਰਹੇ।ਕਿਓਂਕਿ ਜਥੇਬੰਦੀ ਆਪਣੇ ਆਗੂਆਂ ਦੀ ਰਾਖੀ ਲਈ ਜਲੰਧਰ ਦੀਆਂ ਸੜਕਾਂ ਤੇ ਹਜ਼ਾਰਾਂ ਦੀ ਗਿਣਤੀ ਨਾਲ  ਉੱਤਰੇਗੀ। ਡੀ ਐੱਮ ਐੱਫ ਆਗੂਆਂ ਨੇ ਕਿਸਾਨਾਂ ਦੇ ਮਾਰੂ ਆਰਡੀਨੈਂਸਾਂ ਖਿਲਾਫ ਸੰਘਰਸ਼ ਦੀ ਵੀ ਪੁਰਜ਼ੋਰ ਹਮਾਇਤ ਕੀਤੀ।