ਜਲੰਧਰ : ਵਿੱਦਿਆ, ਖੇਡਾਂ ਅਤੇ ਕਲਾ ਦੇ ਖੇਤਰ ਵਿੱਚ ਨਿੱਤ ਨਵੀਆਂ ਉੱਚ-ਪੱਧਰੀ ਪ੍ਰਾਪਤੀਆਂ ਹਾਸਿਲ ਕਰ ਰਹੀ ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿੱਚ ਕਾਲਜ ਦੇ ਗਵਰਨਿੰਗ ਕੌਂਸਲ ਦੇ ਸਾਬਕਾ ਪ੍ਰਧਾਨ ਸਾਬਕਾ ਮੈਂਬਰ ਪਾਰਲੀਮੈਂਟ, ਸਾਬਕਾ ਮੰਤਰੀ ਪੰਜਾਬ ਰਹੇ ਸਵ. ਸ. ਬਲਬੀਰ ਸਿੰਘ ਦੇ 81ਵੇਂ ਜਨਮ ਦਿਵਸ ਨੂੰ ਸਮਰਪਿਤ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਹਰ ਸਾਲ ਦੀ ਤਰ੍ਹਾਂ ਇੱਕ ਵਿਸੇਸ਼ ਮਿਲਣੀ ਕਰਵਾਈ ਗਈ। ਇਸ ਮਿਲਣੀ ਵਿਚ ਕਾਲਜ ਨਾਲ ਸੰਬੰਧਿਤ ਰਹੇ ਵਿਦਿਆਰਥੀ ਵਿਸ਼ੇਸ਼ ਤੌਰ ਤੇ ਇਸ ਵਿਚ ਸ਼ਾਮਿਲ ਹੋਏ। ਮੁੱਖ ਮਹਿਮਾਨ ਵਜੋਂ ਕਾਲਜ ਦੇ ਪੁਰਾਣੇ ਵਿਦਿਆਰਥੀ ਅਤੇ ਮੌਜ਼ੂਦਾ ਸਮੇਂ ਦੀ ਨਾਮਵਰ ਸਖ਼ਸੀਅਤ ਡਾ. ਐਸ.ਪੀ.ਐਸ. ਵਿਰਕ, ਫਾਊਂਡਰ, ਵਿਰਕ ਹਸਪਤਾਲ ਜਲੰਧਰ ਨੇ ਸ਼ਿਰਕਤ ਕੀਤੀ। ਮੁੱਖ ਮਹਿਮਾਨ ਡਾ. ਵਿਰਕ ਦਾ ਸਵਾਗਤ ਕਰਦਿਆਂ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਅਤੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਫੁੱਲਾਂ ਦਾ ਗੁਲਦਸਤਾ ਅਤੇ ਯਾਦਗਾਰੀ ਚਿੰਨ੍ਹ ਭੇਂਟ ਕਰਦੇ ਹੋਏ ਨਿੱਘੇ ਸ਼ਬਦਾਂ ਨਾਲ ‘ਜੀ ਆਇਆਂ’ ਆਖਿਆ। ਡਾਕਟਰ ਵਿਰਕ ਨੇ ਕਾਲਜ ਪ੍ਰਤੀ ਆਪਣਾ ਮੋਹ ਵਿਅਕਤ ਕਰਦਿਆਂ ਧੰਨਵਾਦੀ ਸ਼ਬਦਾਂ ਵਿਚ ਕਾਲਜ ਵੱਲੋਂ ਕਰਵਾਏ ਜਾਂਦੇ ਇਸ ਵਿਸ਼ੇਸ਼ ਮਿਲਣੀ ਸਮਾਗਮ ਦੀ ਸ਼ਲਾਘਾ ਕਰਦੇ ਹੋਏ ਇਸ ਉਪਰਾਲੇ ਦੀ ਤਾਰੀਫ਼ ਕੀਤੀ। ਉਨਾਂ ਨੇ ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਕਾਲਜ ਸਿਰ ਬੰਨ੍ਹਦੇ ਹੋਏ ਆਪਣੇ-ਆਪ ਨੂੰ ਖੁਸ਼-ਕਿਸਮਤ ਦੱਸਿਆ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਬੋਲਦਿਆਂ ਕਿਹਾ ਕਿ ਕਾਲਜ ਦੇ ਮਾਣ-ਮੱਤੇ ਇਤਿਹਾਸ ਨੂੰ ਸਿਰਜਨ ਵਿਚ ਇਸ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦਾ ਅਹਿਮ ਯੋਗਦਾਨ ਹੈ। ਉਹਨਾਂ ਕਿਹਾ ਕਿ ਕਾਲਜ ਆਪਣੇ ਪੁਰਾਣੇ ਵਿਦਿਆਰਥੀਆਂ ਨੁੰ ਬਣਦਾ ਮਾਨ-ਸਨਮਾਨ ਦੇਣ ਲਈ ਹਮੇਸ਼ਾ ਪ੍ਰਤੀਬੱਧ ਰਿਹਾ ਹੈ ਤੇ ਭਵਿੱਖ ਵਿੱਚ ਹੋਰ ਅਜਿਹੇ ਮੌਕੇ ਸਿਰਜਨ ਲਈ ਯਤਨਸ਼ੀਲ ਰਹੇਗਾ। ਇਸ ਪ੍ਰੋਗਰਾਮ ਵਿਚ ਕਾਲਜ ਵਿਚ ਪੜ੍ਹਾ ਰਹੇ ਅਧਿਆਪਕ ਜੋ ਇਸ ਕਾਲਜ ਦੇ ਪੁਰਾਣੇ ਵਿਦਿਆਰਥੀ ਵੀ ਹਨ ਦੁਆਰਾ ਧਹੳਮੳਕੳ ਬੇ ੈੋੁਨਗ ੳਨਦ ਓਵੲਰ ੈੋੁਨਗ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ। ਜਿਸ ਵਿਚ ਕਾਲਜ ਦੇ ਸੀਨੀਅਰ ਪ੍ਰੋਫੈਸਰ ਸਾਹਿਬਾਨ ਪ੍ਰੋ. ਜਸਰੀਨ ਕੌਰ, ਪ੍ਰੋ. ਅਰੁਣਜੀਤ ਕੌਰ, ਪ੍ਰੋ. ਸੁਮਨ ਚੋਪੜਾ, ਪ੍ਰੋ. ਮਨਮੀਤ ਸੋਢੀ, ਪ੍ਰੋ. ਪਤਵੰਤ ਅਟਵਾਲ, ਪ੍ਰੋ. ਗੀਤਾਂਜਲੀ ਮੋਦਗਿਲ, ਪ੍ਰੋ. ਗੀਤਾਂਜਲੀ ਮਹਾਜਨ, ਪ੍ਰੋ. ਤਰਸੇਮ ਸਿੰਘ, ਪ੍ਰੋ. ਗਗਨਦੀਪ ਸਿੰਘ, ਪ੍ਰੋ. ਦਿਨਕਰ ਸ਼ਰਮਾ, ਪ੍ਰੋ. ਪਲਵਿੰਦਰ ਸਿੰਘ, ਪ੍ਰੋ. ਸੁਰਿੰਦਰ ਮੰਡ, ਪ੍ਰੋ. ਗੁਲਜ਼ਾਰ ਸਿੰਘ, ਦੁਆਰਾ ਇੱਕ ਗਰੁੱਪ ਡਾਂਸ ਪੇਸ਼ ਕੀਤਾ ਗਿਆ, ਜਿਸ ਦੀ ਅਗਵਾਈ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕੀਤੀ। ਇਸ ਗਰੁੱਪ ਡਾਂਸ ਨੂੰ ਦੇਖ ਕੇ ਦਰਸ਼ਕ ਅਸ਼-ਅਸ਼ ਕਰ ਉੱਠੇ ਤੇ ਨਾਲ ਝੂਮਣ ਲਈ ਮਜ਼ਬੂਰ ਹੋ ਗਏ। ਇਸ ਪ੍ਰੋਗਰਾਮ ਵਿੱਚ ਪ੍ਰਿੰਸੀਪਲ ਡਾ. ਸਮਰਾ ਅਤੇ ਪ੍ਰੋਫੈਸਰ ਸਾਹਿਬਾਨ ਦੀ ਪੇਸ਼ਕਾਰੀ ਸਭ ਦੇ ਦਿਲਾਂ ਉੱਪਰ ਇੱਕ ਯਾਦਗਾਰੀ ਛਾਪ ਛੱਡ ਗਏ। ਡਾ. ਸੁਰਿੰਦਰ ਪਾਲ ਮੰਡ ਨੇ ਖੂਬਸੂਰਤ ਸ਼ਾਇਰਾਨਾ ਅੰਦਾਜ਼ ਵਿਚ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ। ਇਸ ਮੌਕੇ ਸ੍ਰੀ ਰਜਿੰਦਰ ਬੇਰੀ, ਐਮ.ਐਲ.ਏ., ਗਵਰਨਿੰਗ ਕੌਂਸਲ ਦੇ ਸੰਯੁਕਤ ਸਕੱਤਰ ਸ. ਜਸਪਾਲ ਸਿੰਘ ਵੜੈਚ, ਮੈਂਬਰ ਜਗਦੀਪ ਸਿੰਘ ਸ਼ੇਰਗਿਲ, ਭੁਪਿੰਦਰਪਾਲ ਸਿੰਘ ਮਾਨ ਅਤੇ ਕਾਲਜ ਦੇ ਸਮੂਹ ਸਟਾਫ਼ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋ. ਸੰਜੀਵ ਆਨੰਦ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।