ਜਲੰਧਰ : ਲੋਕਾਂ ਦੇ ਘਰਾਂ ਤੱਕ ਜਰੂਰੀ ਚੀਜਾਂ ਪਹੁੰਚਾਉਣ ਦੀ ਕੜੀ ਵਜੋਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋੀ 1,40,000 ਲੀਟਰ ਦੁੱਧ, ਦਵਾਈਆਂ ਅਤੇ 4694 ਕੁਇੰਟਲ ਫ਼ਲ ਅਤੇ ਸਬਜ਼ੀਆਂ ਪਹੁੰਚਾਈਆਂ ਗਈਆਂ।
ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਫਰ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਵਲੋਂ ਸ਼ਹਿਰ ਦੇ ਹਰ ਕੋਨੇ-ਕੋਨੇ ਵਿੱਚ ਜਰੂਰੀ ਚੀਜਾਂ ਦੀ ਪਹੁੰਚ ਨੂੰ ਯਕੀਨੀ ਬਣਾਇਆ ਗਿਆ।
ਸ਼ੁੱਕਰਵਾਰ ਦੀ ਸਵੇਰ ਤੋਂ ਹੀ ਮਿਲਕਫੈਡ ਵਲੋਂ ਜਨਰਲ ਮੇਨੈਜਰ ਰੁਪਿੰਦਰ ਸਿੰਘ ਸੇਖੋਂ ਦੀ ਅਗਵਾਈ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਘਰਾਂ ਤੱਕ 1,40,000 ਲੀਟਰ ਦੁੱਧ ਦੀ ਸਪਲਾਈ ਨੂੰ ਯਕੀਨੀ ਬਣਾਇਆ ਗਿਆ। ਦੁੱਧ ਤੋਂ ਇਲਾਵਾ ਵੇਰਕਾ ਦੇ ਅਧਿਕਾਰਤ ਡੀਲਰਾਂ ਵਲੋਂ 1100 ਕਿਲੋ ਪਨੀਰ ਅਤੇ 11000 ਕਿਲੋ ਦਹੀ ਸ਼ਹਿਰ ਦੇ ਹਰ ਖੇਤਰ ਵਿੱਚ ਸਪਲਾਈ ਕੀਤੀ ਗਈ। ਮਿਲਕਫ਼ੈਡ ਦੀ ਟੀਮ ਵਲੋੀ ਪਿੰਡਾਂ ਵਿਚੋਂ ਡੇਅਰੀ ਕਿਸਾਨਾਂ ਪਾਸੋਂ 3,10,000 ਲੀਟਰ ਦੁੱਧ ਵੀ ਇਕੱਠਾ ਕੀਤਾ ਗਿਆ।
ਇਸੇ ਤਰ੍ਹਾਂ ਡਰੱਗ ਕੰਟਰੋਲਰ ਅਫ਼ਸਰ ਮਿਸ.ਕਮਲ ਕੰਬੋਜ ਦੇ ਬਹਿਤਰ ਤਾਲਮੇਲ ਸਦਕਾ ਅਤੇ ਅਗਵਾਈ ਵਿੱਚ ਜ਼ਿਲ੍ਹੇ ਵਿੱਚ ਦਵਾਈਆਂ ਨੂੰ ਸੁਚਾਰੂ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਇਆ ਗਿਆ। ਉਨ੍ਹਾਂ ਵਲੋਂ ਕੰਟਰੋਲ ਰੂਮ ਨਾਲ ਵਧੀਆ ਤਾਲਮੇਲ ਕਰਦੇ ਹੋਏ ਲੋਕਾਂ ਵਲੋਂ ਦਵਾਈਆਂ ਦੀ ਮੰਗ ਨੂੰ ਸਮੇਂ ਸਿਰ ਲੋਕਾਂ ਤੱਕ ਪਹੁੰਚਾਇਆ ਗਿਆ।
ਇਸੇ ਤਰ੍ਹਾ ਜ਼ਿਲ੍ਹਾ ਮੰਡੀ ਅਫ਼ਸਰ ਦੀ ਅਗਵਾਈ ਵਿੱਚ ਤਾਇਨਾਤ ਅਮਲੇ ਵਲੋਂ 4696 ਕੁਇੰਟਲ ਫ਼ਲ ਅਤੇ ਸਬਜ਼ੀਆਂ ਸ਼ਹਿਰ ਵਿਚ ਘਰ-ਘਰ ਪਹੁੰਚਾਈਆਂ ਗਈਆਂ। ਸਟਾਫ਼ ਵਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਲੋਕਾਂ ਨੂੰ ਕਰਫ਼ਿਊ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਨਾ ਆਵੇ।
ਇਸੇ ਤਰ੍ਹਾਂ ਜ਼ਿਲ੍ਹਾ ਖ਼ੁਰਾਕ ਅਤੇ ਸਪਲਾਈ ਕੰਟਰੋਲਰ ਨਰਿੰਦਰ ਸਿੰਘ ਵਲੋਂ ਵੀ ਲੋਕਾਂ ਤੱਕ ਕਰਿਆਨਾ ਅਤੇ ਹੋਰ ਜਰੂਰੀ ਵਸਤਾਂ ਪਹੁੰਚਾਉਣ ਨੂੰ ਯਕੀਨੀ ਬਣਾਇਆ ਗਿਆ।
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ ਇਸ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਰੂਰੀ ਸੇਵਾਵਾਂ ਅਸਾਨੀ ਨਾਲ ਲੋਕਾਂ ਦੀਆਂ ਦਰਾਂ ’ਤੇ ਮੁਹੱਈਆ ਕਰਵਾਉਣ ਲਈ ਪੂਰੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਡਰਨ ਦੀ ਲੋੜ ਨਹੀਂ ਹੈ ,ਇਸ ਔਖੀ ਘੜੀ ਵਿੱਚ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੇ ਨਾਲ ਹੈ।