ਜਲੰਧਰ:-ਵਿਲੱਖਣ ਅਪੰਗਤਾ ਪਹਿਚਾਨ ਪੱਤਰ (ਯੂਨੀਕ ਡਿਸਏਬਿਲਟੀ ਆਈਡੈਂਟੀ ਕਾਰਡ) ਸਕੀਮ ਅਧੀਨ ਜਲੰਧਰ ਦੇ ਵਿਸ਼ੇਸ਼ ਲੋੜਾਂ ਵਾਲੇ ਸੌ ਫੀਸਦੀ ਵਿਅਕਤੀਆਂ ਨੂੰ ਲਾਭ ਪਹੁੰਚਾਉਣ ਦੇ ਮੰਤਵ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਭਰ ਵਿੱਚ ਮੈਗਾ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਯੋਗ ਲਾਭਪਾਤਰੀਆ ਨੂੰ ਇਕੋ ਛੱਤ ਹੇਠ ਮੌਕੇ ’ਤੇ ਮੈਡੀਕਲ ਜਾਂਚ ਤੋਂ ਇਲਾਵਾ ਹੋਰ ਜ਼ਰੂਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਯੂ.ਡੀ.ਆਈ.ਡੀ.ਸਕੀਮ ਤਹਿਤ ਕੱਲ 5 ਮਾਰਚ ਨੂੰ ਸੀ.ਐਚ.ਸੀ. ਬੜਾ ਪਿੰਡ ਵਿਖੇ ਮੈਗਾ ਕੈਂਪ ਲਗਾਇਆ ਜਾ ਰਿਹਾ ਹੈ ਅਤੇ ਇਸੇ ਤਰ੍ਹਾਂ 10 ਮਾਰਚ ਨੂੰ ਅੱਪਰਾ, 12 ਮਾਰਚ ਨੂੰ ਨੂਰਮਹਿਲ, 18 ਮਾਰਚ ਨੂੰ ਨਕੋਦਰ, 19 ਮਾਰਚ ਨੂੰ ਮਹਿਤਪੁਰ, 25 ਮਾਰਚ ਨੂੰ ਜਮਸ਼ੇਰ, 26 ਮਾਰਚ ਨੂੰ ਕਰਤਾਰਪੁਰ ਅਤੇ ਪਹਿਲੀ ਅਪ੍ਰੈਲ 2021 ਨੂੰ ਲੋਹੀਆਂ ਖਾਸ ਵਿਖੇ ਮੈਗਾ ਕੈਂਪ ਲਗਾਏ ਜਾਣਗੇ।

ਉਨ੍ਹਾਂ ਅੱਗੇ ਦੱਸਿਆ ਕਿ ਡਾਕਟਰਾਂ ਦਾ ਪੈਨਲ, ਜਿਸ ਵਿੱਚ ਮੈਡੀਕਲ ਅਤੇ ਅੱਖਾਂ ਦੇ ਮਾਹਰ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀ ਯੂ.ਡੀ.ਆਈ.ਕਾਰਡ ਲਈ ਸਰੀਰਿਕ ਜਾਂਚ ਵਾਸਤੇ ਸਿਵਲ ਹਸਪਤਾਲ ਜਲੰਧਰ ਵਿਖੇ ਹਰ ਮੰਗਲਵਾਰ 9 ਮਾਰਚ, 16 ਮਾਰਚ, 23 ਮਾਰਚ ਅਤੇ 30 ਮਾਰਚ ਨੂੰ ਉਪਲਬੱਧ ਰਹਿਣਗੇ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਯੂ.ਡੀ.ਆਈ.ਡੀ.ਕਾਰਡ ਲਈ ਇਨਰੋਲਮੈਂਟ ਵਾਸਤੇ ਸਰੀਰਿਕ ਜਾਂਚ ਲਈ ਇਨ੍ਹਾਂ ਤਾਰੀਕਾਂ ਨੂੰ ਸਿਵਲ ਹਸਪਤਾਲ ਆ ਸਕਦਾ ਹੈ।ਉਨ੍ਹਾਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ, ਜਿਨ੍ਹਾਂ ਦੀ ਸੇਵਾ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਰੋਜ਼ਗਾਰ ਅਤੇ ਸਮਾਜਿਕ ਸੁਰੱਖਿਆ ਦੇ ਸਮਾਨ ਮੌਕੇ ਪ੍ਰਦਾਨ ਕਰਨਾ ਜ਼ਿਲ੍ਹਾ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ।ਉਨ੍ਹਾਂ ਅੱਗੇ ਕਿਹਾ ਕਿ ਇਸ ਕਾਰਡ ਨਾਲ ਨੇਤਰਹੀਣਾਂ ਲਈ ਸਰਕਾਰੀ ਬੱਸਾਂ ਵਿੱਚ ਮੁਫ਼ਤ ਯਾਤਰਾ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਰੋਜ਼ਗਾਰ ਅਤੇ ਹੋਰ ਕਈ ਮੌਕਿਆਂ ਵਿਚ ਲਾਭ ਦੇਣ ਵਿੱਚ ਵੀ ਮਦਦ ਮਿਲੇਗੀ।ਉਨ੍ਹਾਂ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਯੂ.ਡੀ.ਆਈ.ਡੀ.ਕਾਰਡ ਲਈ ਰਜਿਸਟਰੇਸ਼ਨ ਕਰਵਾਉਣ ਲਈ ਆਪਣੇ ਨਾਲ ਅਧਾਰ ਕਾਰਡ, ਵੋਟਰ ਪਹਿਚਾਣ ਪੱਤਰ ਅਤੇ ਉਮਰ ਦੇ ਹੋਰ ਸਬੂਤ ਦੇ ਨਾਲ ਆਪਣੀ ਤਾਜ਼ਾ ਪਾਸਪੋਰਟ ਸਾਈਜ਼ ਦੀ ਫੋਟੋ ਲੈ ਕੇ ਆਉਣ ਦੀ ਅਪੀਲ ਕੀਤੀ।