ਜਲੰਧਰ 10 ਅਗਸਤ 2020
ਜ਼ਿਲ੍ਹੇ ਵਿੱਚ ਲੋੜਵੰਦ 1562 ਲੋਕਾਂ ਨੂੰ ਜਲਦ ਮਿਲੇਗਾ ਅਪਣਾ ਪੱਕਾ ਘਰ ਕਿਉਂਕਿ ਜ਼ਿਲ੍ਹਾ ਪ੍ਰਸਾਸਨ ਵਲੋਂ ਇਹ ਕਾਰਜ ਨੇਪਰੇ ਚਾੜਨ ਵਾਲੀ ਏਜੰਸੀ ਨੂੰ ਨਿਰਮਾਣ ਕਾਰਜ ਜਲਦ ਤੋਂ ਜਲਦ ਮੁਕੰਮਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਉਣ ਵਾਲੇ ਮਹੀਨੇ ਦੌਰਾਨ ਜਲੰਧਰ ਵਿੱਚ 1562 ਪੱਕੇ ਘਰ ਬਣਵਾ ਲਏ ਜਾਣਗੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਵਿੱਚ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ 229 ਅਤੇ 334 ਘਰ ਬਣਾਏ ਜਾ ਚੁੱਕੇ ਹਨ।
ਥੋਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਸ਼ਹਿਰੀ ਖੇਤਰਾਂ ਵਿੱਚ ਪੱਕਾ ਮਕਾਨ ਬਣਾਉਣ ਲਈ 1.50 ਲੱਖ ਰੁਪਏ ਚਾਰ ਕਿਸਤਾਂ ਵਿੱਚ ਜਿਸ ਵਿੱਚ ਪਹਿਲੀ ਕਿਸਤ 50000 ਰੁਪਏ, ਦੂਜੀ ਕਿਸ਼ਤ 50000 ਰੁਪਏ, ਤੀਜੀ ਕਿਸ਼ਤ 20000 ਰੁਪਏ ਅਤੇ ਚੌਥੀ ਕਿਸ਼ਤ 30000 ਰੁਪਏ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਸ਼ਹਿਰੀ ਖੇਤਰਾਂ ਵਿੱਚ 296 ਲਾਭਪਾਤਰੀਆਂ ਨੂੰ ਤੀਜੀ ਕਿਸ਼ਤ ਮੁਹੱਈਆ ਕਰਵਾਈ ਜਾ ਚੁੱਕੀ ਹੈ ਅਤੇ 866 ਲਾਭਪਾਤਰੀ ਹੁਣ ਤੱਕ ਦੂਜੀ ਕਿਸ਼ਤ ਪ੍ਰਾਪਤ ਕਰ ਚੁੱਕੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਵਿੱਤੀ ਸਾਲ 2019-20 ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋੀ ਜਲੰਧਰ ਵਿਖੇ 301 ਪੱਕੇ ਘਰ ਬਣਾਉਣ ਦਾ ਟੀਚਾ ਮਿੱਥਿਆ ਗਿਆ ਸੀ । ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਲ 2016 ਤੋਂ 2019 ਤੱਕ ਪ੍ਰਧਾਨ ਮੰਤਰੀ ਗ੍ਰਾਮੀਣ ਅਵਾਸ ਯੋਜਨਾ ਤਹਿਤ 334 ਪੱਕੇ ਘਰ ਬਣਵਾਏ ਗਏ ਹਨ।
ਥੋਰੀ ਨੇ ਦੱਸਿਅਆ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਪੇਂਡੂ ਖੇਤਰਾਂ ਵਿੱਚ ਪੱਕਾ ਘਰ ਬਣਾਉਣ ਲਈ 1.20 ਲੱਖ ਰੁਪਏ ਦੀ ਰਕਮ ਤਿੰਨ ਕਿਸਤਾਂ,ਪਹਿਲੀ ਕਿਸਤ 30000, ਦੂਜੀ ਕਿਸਤ 72000 ਰੁਪਏ ਅਤੇ ਤੀਜੀ ਕਿਸਤ 18000 ਰੁਪਏ ਦੇ ਰੂਪ ਵਿੱਚ ਦਿੱਤੇ ਜਾਂਦੇ ਹਨ।
ਥੋਰੀ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਸਮੇਂ ਸਿਰ ਕੰਮ ਨੂੰ ਮੁਕੰਮਲ ਕਰਨ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹਰ ਲੋੜਵੰਦ ਵਿਅਕਤੀ ਲਈ ਘਰ ਨੂੰ ਯਕੀਨੀ ਬਣਾਉਣ ਲਈ ਪਹਿਲੀ ਤਰਜੀਹ ਦਿੱਤੀ ਜਾ ਰਹੀ ਹੈ।