ਜਲੰਧਰ :- ਜ਼ਿਲ੍ਹੇ ਵਿੱਚ 0 ਤੋਂ 5 ਸਾਲ ਦੇ 40163 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ
ਪਿਲਾਉਣ ਲਈ ਵਿਸ਼ੇਸ਼ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ 1 ਤੋਂ 3 ਨਵੰਬਰ ਤੱਕ ਚਲਾਈ ਜਾ ਰਹੀ
ਹੈ, ਜਿਸ ਤਹਿਤ 420 ਟੀਮਾਂ ਜਿਨਾਂ ਵਿੱਚ 355 ਘਰ-ਘਰ ਜਾਣ ਵਾਲੀਆਂ ਟੀਮਾਂ, 6 ਟਰਾਂਸਜਿਟ ਟੀਮਾ
ਅਤੇ 59 ਮੋਬਾਇਲ ਟੀਮਾਂ ਸ਼ਾਮਿਲ ਹਨ ਵਲੋਂ 78067 ਘਰਾਂ ਨੂੰ ਕਵਰ ਕੀਤਾ ਜਾਵੇਗਾ।

ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ ਨੇ ਦੱਸਿਆ ਕਿ ਸਮੁੱਚੀ ਮੁਹਿੰਮ
ਦੀ ਨਿਗਰਾਨੀ ਲਈ 97 ਸੁਪਰਵਾਈਜਰੀ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ
ਮੋਬਾਇਲ ਟੀਮਾਂ ਵਲੋਂ ਬੱਚਿਆ ਨੂੰ ਸੈਮੀ ਅਰਬਨ ਇਲਾਕਿਆਂ, ਸਲੱਮ ਖੇਤਰਾਂ, ਵੱਡੀਆਂ ਅਤੇ
ਛੋਟੀਆਂ ਫੈਕਟਰੀਆਂ ਅਤੇ ਟਰਾਂਸਜਿਟ ਟੀਮਾਂ ਵਲੋਂ ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ’ਤੇ
ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਤਿੰਨ ਦਿਨਾਂ
ਮੁਹਿੰਮ ਦੌਰਾਨ ਪੋਲੀਓ ਟੀਮਾਂ ਵਲੋਂ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਬਜ਼ਾਰਾਂ ਤੋਂ ਇਲਾਵਾ
ਇੱਟਾਂ ਦੇ ਭੱਠਿਆਂ ਅਤੇ ਨਿਰਮਾਣ ਅਧੀਨ ਇਮਾਰਤਾਂ ਅਤੇ ਹੋਰ ਥਾਵਾਂ ’ਤੇ ਬੱਚਿਆਂ ਨੂੰ ਪੋਲੀਓ
ਬੂੰਦਾਂ ਪਿਲਾਈਆਂ ਜਾਣਗੀਆਂ।

ਸਿਵਲ ਸਰਜਨ ਨੇ ਕਿਹਾ ਕਿ ਸਲੱਮ ਖੇਤਰਾਂ ਅਤੇ ਇੱਟਾਂ ਦੇ ਬੱਚਿਆਂ ’ਤੇ
ਰਹਿੰਦੀ ਮਾਈਗ੍ਰੇਟਰੀ ਵਸੋਂ ਨੂੰ ਖਾਸ ਕਰਕੇ ਕਵਰ ਕੀਤਾ ਜਾਵੇਗਾ । ਉਨ੍ਹਾਂ ਲੋਕਾਂ ਨੂੰ ਅਪੀਲ
ਕੀਤੀ ਕਿ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਵਾਲੀਆਂ ਟੀਮਾਂ ਨੂੰ ਪੂਰਨ ਸਹਿਯੋਗ ਦਿੱਤਾ
ਜਾਵੇ ਤਾਂ ਜੋ ਮੁਹਿੰਮ ਨੂੰ ਸਫ਼ਲਤਾ ਪੂਰਵਕ ਪੂਰਾ ਕੀਤਾ ਜਾ ਸਕੇ।

ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਜ਼ਿਲ੍ਹੇ ਵਿੱਚ ਮਾਈਗ੍ਰੇਟਰੀ ਪਲੱਸ
ਪੋਲੀਓ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਉਨਾਂ
ਵਲੋਂ ਜਿਲ੍ਹੇ ਵਿੱਚ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੀ ਜਾਗਰੂਕਤਾ ਲਈ ਰਿਕਸ਼ਾ ਜਾਗਰੂਕਤਾ
ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।