ਫਗਵਾੜਾ 8 ਅਪ੍ਰੈਲ (ਸ਼ਿਵ ਕੋੜਾ) ਆੜ੍ਹਤੀ ਅਤੇ ਕੇਂਦਰ ਵਿਚਕਾਰ ਸਿੱਧੀ ਪੇਮੈਂਟ ਦੇ ਰੇੜਕੇ ਨੂੰ ਲੈ ਕੇ ਆੜ੍ਹਤੀ ਮੰਡੀਆਂ ਬੰਦ ਕਰ ਕਣਕ ਦੀ ਖ਼ਰੀਦ ਦੇ ਬਾਈਕਾਟ ਤੇ ਵਿਚਾਰ ਕਰ ਰਹੇ ਹਨ। ਇਸ ਨੂੰ ਲੈ ਕੇ ਫਗਵਾੜਾ ਆੜ੍ਹਤੀ ਐਸੋਸੀਏਸ਼ਨ ਫਗਵਾੜਾ ਦੀ ਇੱਕ ਮੀਟਿੰਗ ਪ੍ਰਧਾਨ ਨਰੇਸ਼ ਭਾਰਦਵਾਜ ਦੀ ਅਗਵਾਈ ਵਿਚ ਮਾਰਕੀਟ ਕਮੇਟੀ ਦਫ਼ਤਰ ਵਿਚ ਹੋਈ। ਮੀਟਿੰਗ  ਵਿਚ ਪ੍ਰਧਾਨ ਨਰੇਸ਼ ਭਾਰਦਵਾਜ ਨੇ ਦੱਸਿਆ ਕਿ ਫ਼ਸਲ ਖ਼ਰੀਦ ਦੀ ਸਿੱਧੀ ਪੇਮੈਂਟ ਜ਼ਮੀਨ ਦੇ ਮਾਲਕ ਦੇ ਖਾਤੇ ਵਿਚ ਪਾਉਣ ਅਤੇ ਹੋਰ ਨਵੀਆਂ ਸ਼ਰਤਾਂ ਸੰਬੰਧੀ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਹੈ। ਜਿਸ ਦਾ ਅਸਰ ਕਣਕ ਦੀ ਖ਼ਰੀਦ ਤੇ ਪੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ 10 ਅਪ੍ਰੈਲ ਤੱਕ ਮੰਡੀਆਂ ਬੰਦ ਰੱਖੀਆਂ ਜਾ ਰਹਿਆਂ ਹਨ। ਕਿਉਂਕਿ ਕੇਂਦਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ,ਜੋ ਕੋਈ ਹੱਲ ਨਾ ਨਿਕਲਿਆ ਤਾਂ ਮੰਡੀਆਂ ਵਿਚ ਖ਼ਰੀਦ ਦਾ ਬਾਈਕਾਟ ਕਰਨ ਲਈ ਆੜ੍ਹਤੀ ਮਜਬੂਰ ਹੋਣਗੇ। ਸਮੂਹ ਆੜ੍ਹਤੀਆਂ ਨੇ ਇਸ ਨਾਲ ਸਹਿਮਤੀ ਜਤਾਉਂਦੇ ਕਿਹਾ ਕਿ ਕੇਂਦਰ ਸਦੀਆਂ ਪੁਰਾਣੇ ਆੜ੍ਹਤੀ ਕਿਸਾਨ ਵਿਚਕਾਰ ਚਲੇ ਆ ਰਹੇ ਰਿਸ਼ਤੇ ਨੂੰ ਖ਼ਤਮ ਕਰ ਮੰਡੀਆਂ ਦੇ ਨਿੱਜੀਕਰਨ ਦੇ ਰਾਹ ਤੇ ਚੱਲ ਪਈ ਹੈ। ਜਿਸ ਦਾ ਵਿਰੋਧ ਕੀਤਾ ਜਾਵੇਗਾ। ਸਮੂਹ ਆੜ੍ਹਤੀਆਂ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ 10 ਅਪ੍ਰੈਲ ਤਕ ਹਾਲੇ ਕਣਕ ਦੀ ਵਾਢੀ ਨਾ ਕਰਨ ਅਤੇ ਉਸ ਤੋਂ ਬਾਅਦ ਜੋ ਕਈ ਫ਼ੈਸਲਾ ਹੁੰਦਾ ਤਾਂ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਕਿਸੇ ਕਿਸਾਨ ਨੂੰ ਮਜਬੂਰੀ ‘ਚ ਫ਼ਸਲ ਦੀ ਵਾਢੀ ਕਰਨੀ ਪੈਂਦੀ ਹੈ ਤਾਂ ਉਸ ਨੂੰ ਫ਼ਿਲਹਾਲ ਮੰਡੀ ਵਿਚ ਨਾ ਲਿਆਵੇ ,ਕਿਉਂਕਿ ਮੰਡੀ ਵਿਚ ਉਤਰਾਈ ਹੋ ਸਕਦੀ ਹੈ,ਬਾਕੀ ਕੋਈ ਕੰਮ ਨਹੀਂ ਕੀਤਾ ਜਾਵੇਗਾ। ਇਸ ਤੋਂ ਚੰਗਾ ਹੈ ਕਿ ਕੋਈ ਫ਼ੈਸਲਾ ਹੋਣ ਤੱਕ ਫ਼ਸਲ ਹਾਲੇ ਘਰ ਵਿਚ ਹੀ ਰੱਖੀ ਜਾਵੇ ਅਤੇ 10 ਦੇ ਫ਼ੈਸਲੇ ਦਾ ਇੰਤਜ਼ਾਰ ਕੀਤਾ ਜਾਵੇ। ਪ੍ਰਧਾਨ ਨਰੇਸ਼ ਭਾਰਦਵਾਜ ਨੇ ਕਿਹਾ ਸਾਂ ਨੂੰ ਇਸ ਕੰਮ ਲਈ ਖੇਦ ਹੈ ਪਰ ਮਜਬੂਰੀ ਹੈ ਕਿ ਕੇਂਦਰ ਸਰਕਾਰ ਆਪਣੇ ਨਾਦਰਸ਼ਾਹੀ ਆਦੇਸ਼ਾਂ ਨੂੰ ਵਾਪਸ ਲੈਣ ਨੂੰ ਤਿਆਰ ਨਹੀਂ ਹੈ। ਇਸ ਮੌਕੇ ਅਭੀ ਸ਼ਰਮਾ,ਸਾਹਿਲ ਅਗਰਵਾਲ, ਪੰਡਿਤ ਰਾਮ ਸਿੰਘ ਜੋਸ਼ੀ,ਜਸਵਿੰਦਰ ਸਿੰਘ ਬੋਇਲ, ਪਰਵੇਸ਼ ਗੁਪਤਾ,ਅਨਿਲ ਗੁਪਤਾ,ਅਜੈ ਗੁਪਤਾ, ਦਵਿੰਦਰ ਸਿੰਘ, ਸੰਨੀ,ਬਬਲਾ ਪਾਠਕ,ਜਤਿੰਦਰ ਸਿੰਘ ਪਰਾਗਪੁਰ, ਪਰਵਿੰਦਰ ਸਿੰਘ ਪਲਾਹੀ ਆਦਿ ਮੌਜੂਦ ਸਨ।