ਜਲੰਧਰ, 5 ਅਕਤੂਬਰ
ਪਿੰਡ ਨਵਾਂ ਕਿਲਾ ਦਾ ਗੁਰਦੇਵ ਸਿੰਘ ਉਨ੍ਹਾਂ ਕਿਸਾਨਾਂ ਵਿੱਚੋਂ ਇਕ ਹੈ, ਜਿਨ੍ਹਾਂ ਨੇ ਝੋਨੇ ਦੀ ਪਰਾਲੀ ਸਾੜਨ ਦੀ ਬਜਾਏ ਇਨ-ਸੀਟੂ ਤਕਨੀਕਾਂ ਨਾਲ ਪਰਾਲੀ ਦਾ ਪ੍ਰਬੰਧਨ ਕੀਤਾ। ਇਹੀ ਨਹੀਂ ਉਸ ਦੇ ਪਿੰਡ ਦੇ 30 ਹੋਰ ਕਿਸਾਨਾਂ ਨੇ ਪਰਾਲੀ ਨੂੰ ਖੇਤ ਵਿੱਚ ਖਾਦ ਵਜੋਂ ਵਰਤਣ ਦਾ ਫੈਸਲਾ ਕੀਤਾ ਹੈ।
ਗੁਰਦੇਵ ਸਿੰਘ ਨੇ ਕਿਹਾ ਕਿ ਕਿਸਾਨ ਪਰਾਲੀ ਸਾੜਨ ਦੇ ਘਾਤਕ ਰੁਝਾਨ ਤੋਂ ਗੁਰੇਜ਼ ਕਰਨ ਲੱਗੇ ਹਨ ਅਤੇ ਉਸ ਦੇ ਪਿੰਡ ਦੇ ਕਈ ਕਿਸਾਨਾਂ ਨੇ ਝੋਨੇ ਦੀ ਪਰਾਲੀ ਨਾ ਸਾੜਨ ਦਾ ਦ੍ਰਿੜ ਸੰਕਲਪ ਲਿਆ ਹੈ।ਉਸ ਨੇ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਦੇ ਪਿੰਡ ਵਿੱਚ ਪਰਾਲੀ ਦਾ 20 ਪ੍ਰਤੀਸ਼ਤ ਰਕਬਾ ਸਾੜਿਆ ਗਿਆ ਸੀ ਅਤੇ ਇਸ ਸਾਲ ਪੂਰਾ ਪਿੰਡ ਪਰਾਲੀ ਸਾੜਨ ਤੋਂ ਮੁਕਤ ਹੋ ਜਾਵੇਗਾ। ਉਸ ਨੇ ਅੱਗੇ ਕਿਹਾ ਕਿ ਪਰਾਲੀ ਨੂੰ ਖਾਦ ਵਜੋਂ ਵਰਤਣਾ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧੇ ਦਾ ਸਭ ਤੋਂ ਸਸਤਾ ਸਾਧਨ ਬਣਦਾ ਜਾ ਰਿਹਾ ਹੈ।
ਗੁਰਦੇਵ ਸਿੰਘ ਵਾਂਗ ਪਿੰਡ ਲੱਲੀਆਂ ਖੁਰਦ ਦੇ ਕਿਸਾਨ ਅਮਰਦੀਪ ਸਿੰਘ ਨੇ ਵੀ ਆਪਣੀ ਅਮਰਦੀਪ ਕਿਸਨ ਸੇਵਾ ਸੁਸਾਇਟੀ ਬਣਾ ਕੇ ਮਿਸਾਲ ਪੇਸ਼ ਕੀਤੀ ਹੈ। ਆਪਣੀ ਸੁਸਾਇਟੀ ਰਾਹੀਂ ਉਹ ਦੂਸਰੇ ਕਿਸਾਨਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਅੱਜ ਤੱਕ ਉਸ ਦੀ ਸੁਸਾਇਟੀ ਰਾਹੀਂ ਪਿੰਡ ਦੇ ਕਿਸਾਨ 80 ਏਕੜ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰ ਰਹੇ ਹਨ ਅਤੇ ਇਸ ਸਾਲ 30 ਹੋਰ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਾ ਲਾਉਣ ਦਾ ਫੈਸਲਾ ਕੀਤਾ ਹੈ।
ਇਸੇ ਤਰ੍ਹਾਂ ਪਿੰਡ ਮਾਣਕਪੁਰ ਦੇ ਲਖਵਿੰਦਰ ਸਿੰਘ ਨੇ 15 ਏਕੜ ਰਕਬੇ ਵਿਚ ਕਣਕ ਦੀ ਬਿਜਾਈ ਕਰਦਿਆਂ ਦੱਸਿਆ ਕਿ ਖੇਤ ਵਿਚ ਪਈ ਸਾਰੀ ਪਰਾਲੀ ਦਾ ਅਗਲੇ ਇਕ ਸਾਲ ਲਈ ਪ੍ਰਬੰਧਨ ਕੀਤਾ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਉਹ ਪਰਾਲੀ ਨੂੰ ਹਰੇ ਚਾਰੇ ਜਾਂ ਪਸ਼ੂਆਂ ਦੇ ਹੋਰ ਚਾਰੇ ਵਿੱਚ ਰਲਾਉਂਦੇ ਹਨ।
ਇਨ੍ਹਾਂ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਪਰਾਲੀ ਨੂੰ ਪਸ਼ੂਆਂ ਦੀ ਖੁਰਾਕ ਅਤੇ ਸਰਦੀਆਂ ਵਿੱਚ ਉਨ੍ਹਾਂ ਨੂੰ ਠੰਡ ਤੋਂ ਬਚਾਉਣ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 40 ਕਿਸਾਨਾਂ ਵੱਲੋਂ ਇਸ ਖੇਤਰ ਵਿੱਚ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ।
ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਹੋਰਨਾਂ ਕਿਸਾਨਾਂ ਨੂੰ ਵੀ ਇਨ੍ਹਾਂ ਕਿਸਾਨਾਂ ਵੱਲੋਂ ਵਿਖਾਏ ਰਾਹ ‘ਤੇ ਚੱਲਣਾ ਚਾਹੀਦਾ ਹੈ ਅਤੇ ਪਰਾਲੀ ਦੀ ਵਰਤੋਂ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਰੁਝਾਨ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਸਾੜਨ ਨਾਲ ਵਾਤਾਵਰਣ ਅਤੇ ਮਨੁੱਖੀ ਸਿਹਤ ਨੂੰ ਨੁਕਸਾਨ ਪਹੁੰਚ ਰਿਹਾ ਹੈ।