ਫਗਵਾੜਾ 13 ਅਗਸਤ (ਸ਼ਿਵ ਕੋੜਾ) ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਨੇ ਅੱਜ ਇੱਥੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 15 ਅਗਸਤ ਨੂੰ ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਮੌਕੇ ਦਿੱਲੀ ਦੇ ਲਾਲ ਕਿਲੇ ਤੋਂ ਇਲਾਵਾ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਸਮੇਤ ਪੂਰੇ ਦੇਸ਼ ਵਿਚ ਭਾਰਤੀ ਤਿਰੰਗਾ ਸ਼ਾਨ ਨਾਲ ਫਹਿਰਾਇਆ ਜਾਵੇਗਾ ਜੋ ਕਿ ਗੁਰਪਤਵੰਤ ਸਿੰਘ ਵਰਗੇ ਦੇਸ ਦੇ ਗੱਦਾਰਾਂ ਲਈ ਸਬਕ ਹੋਵੇਗਾ। ਉਹਨਾਂ ਕਿਹਾ ਕਿ ਰੈਫਰੈਂਡਮ 2020 ਦੇ ਗੁਬਾਰੇ ਦੀ ਹਵਾ ਨਿਕਲਣ ਤੋਂ ਬਾਅਦ ਅਤੇ ਕਿਸਾਨੀ ਅੰਦੋਲਨ ਨੂੰ ਹਾਈਜੈਕ ਕਰਨ ਦੇ ਮਨਸੂਬੇ ਪੂਰੇ ਨਾ ਹੋਣ ਦੀ ਨਿਰਾਸ਼ਾ ‘ਚ ਅਜਿਹਾ ਲੱਗਦਾ ਹੈ ਕਿ ਗੁਰਪਤਵੰਤ ਪਨੂੰ ਆਪਣਾ ਦਿਮਾਗੀ ਸੰਤੁਲਨ ਗੁਆ ਬੈਠਾ ਹੈ ਅਤੇ ਅਮਰੀਕਾ ‘ਚ ਬੈਠ ਕੇ ਭਾਰਤੀ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪੰਦਰਾਂ ਅਗਸਤ ਮੌਕੇ ਤਿਰੰਗਾ ਨਾ ਲਹਿਰਾਉਣ ਦੀਆਂ ਧਮਕੀਆਂ ਦੇ ਰਿਹਾ ਹੈ ਤਾਂ ਕਿ ਉਹ ਖਬਰਾਂ ਵਿਚ ਬਣਿਆ ਰਹਿ ਸਕੇ ਪਰ ਉਸਦੀ ਧਮਕੀ ਹਾਸੋਹੀਣੀ ਪ੍ਰਤੀਤ ਹੁੰਦੀ ਹੈ ਕਿਉਂਕਿ ਭਾਰਤ ਦੇ 140 ਕਰੋੜ ਲੋਕ ਉਸ ਦਿਨ ਸ਼ਾਨ ਨਾਲ ਲਹਿਰਾਉਂਦੇ ਤਿੰਰਗੇ ਨੂੰ ਸਲਾਮੀ ਦੇਣਗੇ। ਉਹਨਾਂ ਕਿਹਾ ਕਿ ਸ਼ਿਵ ਸੈਨਾ ਬਾਲ ਠਾਕਰੇ ਨੇ ਹਮੇਸ਼ਾ ਦੇਸ਼ ਦੇ ਗੱਦਾਰਾਂ ਨਾਲ ਲੋਹਾ ਲਿਆ ਹੈ ਤੇ ਅੱਗੇ ਵੀ ਇਹ ਕ੍ਰਮ ਜਾਰੀ ਰਹੇਗਾ। ਪੰਦਰਾ ਅਗਸਤ ਦੇ ਦਿਨ ਆਜਾਦੀ ਦਾ ਜਸ਼ਨ ਪਹਿਲਾਂ ਨਾਲੋਂ ਵੀ ਸ਼ਾਨਦਾਰ ਢੰਗ ਨਾਲ ਮਨਾਇਆ ਜਾਵੇਗਾ ਅਤੇ ਤਿਰੰਗੇ ਦੀ ਰੱਖਿਆ ਲਈ ਸ਼ਿਵ ਸੈਨਾ ਹਰ ਕੁਰਬਾਨੀ ਦੇਣ ਲਈ ਹਮੇਸ਼ਾ ਤਿਆਰ ਹੈ। ਉਹਨਾਂ ਸਮੂਹ ਸ਼ਿਵ ਸੈਨਿਕਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਸੁਤੰਤਰਤਾ ਦਿਵਸ ਮੌਕੇ ਆਪਣੇ ਘਰਾਂ ਦੀਆਂ ਛੱਤਾਂ ਤੇ ਪੂਰੀ ਸ਼ਾਨ ਨਾਲ ਭਾਰਤੀ ਤਿਰੰਗਾ ਫਹਿਰਾਇਆ ਜਾਵੇ। ਇਸ ਮੌਕੇ ਸ਼ਮਸ਼ੇਰ ਭਾਰਤੀ, ਜਤਿੰਦਰ ਕੁਮਾਰ, ਮਾਨਿਕ ਚੰਦ ਅਤੇ ਅਨਿਲ ਆਦਿ ਹਾਜਰ ਸਨ।